ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਤਾਇਨਾਤ ਹਨ 1573 ਪੁਲਿਸ ਕਰਮਚਾਰੀ : ਐਸ.ਐਸ.ਪੀ.
ਚੰਡੀਗੜ੍ਹ ਤੋਂ ਹੁਸ਼ਿਆਰਪੁਰ ਆਉਣ ਤੇ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੀ ਟਰੈਫਿਕ ਲਈ ਰੂਟ ਕੀਤੇ ਗਏ ਡਾਇਵਰਟ
12 ਇੰਟਰ ਡਿਸਟ੍ਰਿਕ ਤੇ 13 ਇੰਟਰ ਸਟੇਟ ਨਾਕਿਆਂ ਤੋਂ ਇਲਾਵਾ ਜ਼ਿਲ੍ਹੇ ’ਚ ਲਗਾਏ ਗਏ ਹਨ 45 ਵਿਸ਼ੇਸ਼ ਨਾਕੇ
ਹੁਸ਼ਿਆਰਪੁਰ, 9 ਮਾਰਚ 2022 : ਐਸ.ਐਸ.ਪੀ. ਸ੍ਰੀ ਧਰੁਮਨ ਐਚ. ਨਿੰਬਾਲੇ ਨੇ ਦੱਸਿਆ ਕਿ ਵਿਧਾਨ ਸਭਾ ਵੋਟਾਂ ਦੀ ਗਿਣਤੀ ਸਬੰਧੀ ਸੁਰੱਖਿਆ ਦੇ ਸਾਰੇ ਇੰਤਜਾਮ ਪੂਰੇ ਕਰ ਲਏ ਗਏ ਹਨ ਅਤੇ ਜ਼ਿਲ੍ਹੇ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਵਿਚ 10 ਮਾਰਚ ਨੂੰ ਰਿਆਤ-ਬਾਹਰਾ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਗਿਣਤੀ ਪ੍ਰਕਿਰਿਆ ਮੁਕੰਮਲ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ ਨਾਲ ਦੋਵੇਂ ਗਿਣਤੀ ਕੇਂਦਰਾਂ ਵਿਚ ਕੁੱਲ 1573 ਸੀ.ਏ.ਪੀ.ਐਫ., ਸੂਬਾ ਅਤੇ ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਗਏ ਹਨ, ਜਿਨ੍ਹਾਂ ਵਿਚ ਜ਼ਿਲ੍ਹਾ ਪੁਲਿਸ ਦੇ 2 ਐਸ.ਪੀ., 14 ਡੀ.ਐਸ.ਪੀ., 26 ਐਸ.ਐਚ.ਓ., 139 ਐਸ.ਆਈ. ਅਤੇ ਏ.ਐਸ.ਆਈ., 1035 ਈ.ਪੀ.ਓਜ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਪੀ.ਏ.ਪੀ. ਦੇ 182 ਕਰਮਚਾਰੀ ਅਤੇ ਸੀ.ਏ.ਪੀ.ਐਫ. ਦੇ 175 ਕਰਮਚਾਰੀ ਡਿਊਟੀ ’ਤੇ ਤਾਇਨਾਤ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਗਿਣਤੀ ਦੌਰਾਨ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿਹੜੀ ਟਰੈਫਿਕ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਨੂੰ ਆਉਣੀ ਹੈ, ਉਸ ਨੂੰ ਦੋ ਟਰੈਫਿਕ ਡਾਇਵਰਸ਼ਨਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਪਹਿਲੀ ਡਾਇਵਰਸ਼ਨ ਪਿੰਡ ਚੱਗਰਾਂ ਪੁੱਲ ਤੋਂ ਪਿੰਡ ਮੱਲਮਜ਼ਾਰਾ ਤੋਂ ਜਹਾਨਖੇਲਾਂ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਆਵੇਗੀ।
ਇਸੇ ਤਰ੍ਹਾਂ ਦੂਜੀ ਡਾਇਵਰਸ਼ਨ ਪਿੰਡ ਚੱਗਰਾਂ ਤੋਂ ਪਿੰਡ ਬੋਹਣ, ਪਿੰਡ ਬੂਥਗੜ੍ਹ ਤੋਂ ਹੁੰਦੇ ਹੋਏ ਸਵਰਨ ਫਾਰਮ ਰਿੰਗ ਰੋਡ ਤੋਂ ਹੋ ਕੇ ਜਾਵੇਗੀ। ਇਸ ਤਰ੍ਹਾਂ ਜਿਹੜੀ ਟਰੈਫਿਕ ਹੁਸਿਆਰਪੁਰ ਤੋਂ ਚੰਡੀਗੜ੍ਹ ਨੂੰ ਜਾਵੇਗੀ, ਉਹ ਟਰੈਫਿਕ ਫਗਵਾੜਾ ਬਾਈਪਾਸ ਹੁਸ਼ਿਆਰਪੁਰ ਤੋਂ ਫਗਵਾੜਾ, ਬੰਗਾ ਹੁੰਦੇ ਹੋਏ ਚੰਡੀਗੜ੍ਹ ਨੂੰ ਜਾਵੇਗੀ।
ਸ੍ਰੀ ਧਰੁਮਨ ਐਚ.ਨਿੰਬਾਲੇ ਨੇ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੁੱਲ 12 ਇੰਟਰ ਡਿਸਟ੍ਰਿਕਟ ਅਤੇ 13 ਇੰਟਰ ਸਟੇਟ ਨਾਕੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿਚ ਕੁੱਲ 45 ਸਪੈਸ਼ਲ ਨਾਕੇ ਲਗਾਏ ਗਏ ਹਨ ਅਤੇ ਇਨ੍ਹਾਂ ਨਾਕਿਆਂ ਵਿਚ ਕਈ ਥਾਵਾਂ ’ਤੇ ਸੀ.ਏ.ਪੀ.ਐਫ. ਵੀ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਿਊਟੀ ਦੀ ਚੈਕਿੰਗ ਲਈ 16 ਜੀ.ਓ. ਵੀ ਤਾਇਨਾਤ ਕੀਤੇ ਗਏ ਹਨ।