ਵੋਟਾਂ ਗਿਣਤੀ ਕਰਨ ਸਬੰਧੀ ਰਿਟਰਨਿੰਗ ਅਧਿਕਾਰੀਆਂ ਤੇ ਏ.ਆਰ.ਓਜ ਲਈ ਸਿਖਲਾਈ
– ਈ.ਵੀ.ਐਮਜ ਰਾਹੀਂ ਵੋਟਾਂ ਦੀ ਗਿਣਤੀ ਮੌਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ – ਸੰਦੀਪ ਹੰਸ
ਪਟਿਆਲਾ, 7 ਮਾਰਚ 2022 : ਪਟਿਆਲਾ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ‘ਚ 20 ਫ਼ਰਵਰੀ ਨੂੰ ਹੋਏ ਮਤਦਾਨ ਤੋਂ ਬਾਅਦ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਕਾਰਜ ਨੂੰ ਨਿਰਵਿਘਨਤਾ ਸਹਿਤ ਨੇਪਰੇ ਚਾੜ੍ਹਨ ਲਈ ਅੱਜ ਰਿਟਰਨਿੰਗ ਅਧਿਕਾਰੀਆਂ ਸਮੇਤ ਸਾਰੇ ਏ.ਆਰ.ਓਜ ਲਈ ਵਿਸ਼ੇਸ਼ ਸਿਖਲਾਈ ਕਰਵਾਈ ਗਈ। ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਦੀ ਅਗਵਾਈ ਹੇਠ ਕਰਵਾਈ ਗਈ ਇਸ ਸਿਖਲਾਈ ਦੌਰਾਨ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵੋਟਾਂ ਦੀ ਗਿਣਤੀ ਸਮੇਂ ਈ.ਵੀ.ਐਮਜ ਸਮੇਤ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਬਾਬਤ ਜਾਣੂ ਕਰਵਾਇਆ ਗਿਆ।
ਸ੍ਰੀ ਸੰਦੀਪ ਹੰਸ ਨੇ ਨਿਰਦੇਸ਼ ਦਿੱਤੇ ਕਿ ਸਮੁੱਚਾ ਗਿਣਤੀ ਅਮਲਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਮੁਕੰਮਲ ਰੂਪ ‘ਚ ਪਾਲਣਾ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਸਮੇਤ ਐਨਕੋਰ ਸਮੇਤ ਚੋਣ ਨਤੀਜਿਆਂ ਨੂੰ ਚੋਣ ਕਮਿਸ਼ਨ ਦੇ ਵੈਬ ਪੋਰਟਲ ਉਪਰ ਅਪਲੋਡ ਕੀਤੇ ਜਾਣ ਸਮੇਂ ਪੂਰਾ ਇਹਤਿਆਤ ਵਰਤਿਆ ਜਾਵੇ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਕਿਹਾ ਕਿ ਈ.ਵੀ.ਐਮਜ. ਤੋਂ ਗਿਣਤੀ ਜ਼ਿਲ੍ਹੇ ਅੰਦਰ ਨਿਰਧਾਰਤ ਕੀਤੇ ਗਏ ਸਥਾਨਾਂ ਵਿਖੇ ਚੋਣ ਆਬਜ਼ਰਵਰਾਂ ਦੀ ਨਿਗਰਾਨੀ ਹੇਠ ਹਲਕੇ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨਿਧਾਂ ਦੀ ਹਾਜ਼ਰੀ ਵਿੱਚ ਹੋਵੇਗੀ।
ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰਾਂ ‘ਤੇ ਉਮੀਦਵਾਰ ਜਾਂ ਉਸ ਦੇ ਪ੍ਰਤੀਨਿਧ ਜਾਂ ਗਿਣਤੀ ਏਜੰਟ ਸਮੇਤ ਕਿਸੇ ਨੂੰ ਵੀ ਮੋਬਾਇਲ ਲਿਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਵਿਖੇ ਮੀਡੀਆ ਸੈਂਟਰ ਸਥਾਪਤ ਕੀਤੇ ਜਾਣਗੇ, ਜਿੱਥੇ ਕੇਵਲ ਚੋਣ ਕਮਿਸ਼ਨ ਦੇ ਅਥਾਰਟੀ ਲੈਟਰ ਧਾਰਕ ਪੱਤਰਕਾਰਾਂ ਨੂੰ ਵੋਟਾਂ ਦੀ ਗਿਣਤੀ ਬਾਬਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਧਿਕਾਰੀ ਗੌਤਮ ਜੈਨ, ਅੰਕੁਰਜੀਤ ਸਿੰਘ, ਮਨਜੀਤ ਸਿੰਘ ਚੀਮਾ, ਚਰਨਜੀਤ ਸਿੰਘ, ਡਾ. ਸੰਜੀਵ ਕੁਮਾਰ, ਕੰਨੂ ਗਰਗ ਅਤੇ ਜਸਲੀਨ ਕੌਰ ਭੁੱਲਰ ਸਮੇਤ ਸਮੂਹ ਏ.ਆਰ.ਓਜ ਵੀ ਮੌਜੂਦ ਸਨ। ਸਿਖਲਾਈ ਮੌਕੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਫਾਰਮੇ ਆਦਿ ਸਮੇਂ ਸਿਰ ਭਰੇ ਜਾਣ ਅਤੇ ਐਨਕੋਰ ਸਾਫ਼ਟਵੇਅਰ, ਭਾਰਤ ਚੋਣ ਕਮਿਸ਼ਨ ਅਤੇ ਸੀ.ਈ.ਓ. ਪੰਜਾਬ ਦੇ ਵੈਬ ਪੋਰਟਲ ਉਪਰ ਚੋਣ ਨਤੀਜੇ ਅਪਲੋਡ ਕਰਨ ਬਾਬਤ ਜਾਣੂ ਕਰਵਾਇਆ ਗਿਆ।