ਵੱਧ ਡਿਊਟੀ ਤੋਂ ਸਤਾਏ BSF ਦੇ ਜਵਾਨ ਨੇ ਚਲਾਈਆਂ ਗੋਲੀਆਂ, 5 ਮੌਤਾਂ 8 ਜ਼ਖਮੀ
ਅੰਮ੍ਰਿਤਸਰ, 6 ਮਾਰਚ 2022 : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ BSF (ਸੀਮਾ ਸੁਰੱਖਿਆ ਬਲ) ਵਿਖੇ ਡਿਉਟੀ ਤੇ ਤਾਇਨਾਤ ਜਵਾਨ ਨੇ ਮੈਸ ਵਿੱਚ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ । ਗੋਲੀਬਾਰੀ ‘ਚ 5 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ 8 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ, ਜਿਸ ਤੋਂ ਬਾਅਦ ਫਾਇਰਿੰਗ ਕਰਨ ਵਾਲੇ ਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਸੂਤਰਾਂ ਮੁਤਾਬਿਕ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਸਤੁੱਪਾ, ਮਹਾਰਾਸ਼ਟਰ ਤੋਂ ਸੀ ਜੋ ਕਿ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਸੀ, ਨੇ ਆਪਣੀ ਡਿਊਟੀ ਤੋਂ ਤੰਗ ਆ ਕੇ ਰਾਈਫਲ ‘ਚੋਂ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਘਟਨਾ ਨਾਲ ਹੈੱਡਕੁਆਟਰ ‘ਚ ਹੜਕੰਪ ਮੱਚ ਗਿਆ ।
ਗੋਲੀਆਂ ਚਲਾਉਣ ਵਾਲਾ ਨੌਜਵਾਨ ਖਾਸਾ ਕੈਂਪ ‘ਚ ਫਾਇਰਿੰਗ ਕਰਦਾ ਹੋਇਆ ਲੰਮਾ ਸਮਾਂ ਭੱਜਦਾ ਰਿਹਾ ਜਿਥੇ ਉਸਨੇ BSF ਦੇ ਅਫਸਰ ਦੀ ਗੱਡੀ ‘ਤੇ ਤਾਬੜਤੋੜ ਗੋਲੀਆਂ ਚਲਾ ਦਿਤੀਆਂ ਅਤੇ ਅਫ਼ਸਰ ਨੂੰ ਮੁਸ਼ਕਿਲ ਨਾਲ ਬਚਾਇਆ ਗਿਆ ।