ਚੀਨ ‘ਚ 7.1 ਤੀਬਰਤਾ ਦਾ ਭੂਚਾਲ, 6 ਲੋਕ ਜ਼ਖ਼ਮੀ, 120 ਤੋਂ ਵਧੇਰੇ ਘਰਾਂ ਨੂੰ ਪੁੱਜਾ ਨੁਕਸਾਨ

ਬੀਜਿੰਗ , 23 ਜਨਵਰੀ । ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਸੋਮਵਾਰ ਦੇਰ ਰਾਤ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ 6 ਲੋਕ ਜ਼ਖ਼ਮੀ ਹੋ ਗਏ ਅਤੇ 120 ਤੋਂ ਵੱਧ ਘਰ ਨੁਕਸਾਨੇ ਗਏ। ਸ਼ਿਨਜਿਆਂਗ ਉਈਗਰ ਆਟੋਨੋਮਸ ਖੇਤਰ ਦੀ ਸਰਕਾਰ ਨੇ ਆਪਣੇ ਅਧਿਕਾਰਤ ਵੇਈਬੋ ਅਕਾਊਂਟ ‘ਤੇ ਇਕ ਪੋਸਟ ‘ਚ ਕਿਹਾ ਕਿ 2 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ ਅਤੇ 4 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਇਸ ਤੋਂ ਇਲਾਵਾ 47 ਘਰ ਢਹਿ-ਢੇਰੀ ਹੋ ਗਏ, 78 ਮਕਾਨ ਨੁਕਸਾਨੇ ਗਏ ਅਤੇ ਕੁਝ ਖੇਤੀਬਾੜੀ ਇਮਾਰਤਾਂ ਢਹਿ ਗਈਆਂ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਚੀਨ ਦੇ ਭੂਚਾਲ ਨੈੱਟਵਰਕ ਕੇਂਦਰ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ 2 ਵਜੇ ਅਕਸੂ ਸੂਬੇ ਦੀ ਵੁਸ਼ੂ ਕਾਊਂਟੀ ‘ਚ ਆਇਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਤਿਆਨ ਸ਼ਾਨ ਪਹਾੜੀ ਸ਼੍ਰੇਣੀ ਵਿੱਚ ਆਇਆ, ਜੋ ਕਿ ਭੂਚਾਲਾਂ ਦੇ ਲਿਹਾਜ਼ ਨਾਲ ਇੱਕ ਸੰਵੇਦਨਸ਼ੀਲ ਖੇਤਰ ਹੈ, ਪਰ ਇੱਥੇ ਇਸ ਪੈਮਾਨੇ ਦੇ ਭੂਚਾਲ ਘੱਟ ਹੀ ਆਉਂਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਸਭ ਤੋਂ ਵੱਧ 7.1 ਤੀਬਰਤਾ ਦਾ ਭੂਚਾਲ 1978 ਵਿੱਚ ਆਇਆ ਸੀ। ਸਰਕਾਰੀ ਪ੍ਰਸਾਰਕ ‘ਸੀ.ਸੀ.ਟੀ.ਵੀ.’ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ ਕਈ ਝਟਕੇ ਮਹਿਸੂਸ ਕੀਤੇ ਗਏ। ਕਰੀਬ 200 ਬਚਾਅ ਕਰਮੀਆਂ ਨੂੰ ਭੂਚਾਲ ਦੇ ਕੇਂਦਰ ਸਥਾਨ ‘ਤੇ ਭੇਜਿਆ ਗਿਆ ਹੈ। ਰੂਸੀ ਸਮਾਚਾਰ ਏਜੰਸੀ ‘ਟਾਸ’ ਨੇ ਦੱਸਿਆ ਕਿ ਗੁਆਂਢੀ ਕਿਰਗਿਸਤਾਨ ਅਤੇ ਕਜ਼ਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

About The Author

error: Content is protected !!