ਅੱਜ ਰਾਤ 10 ਵਜੇ ਤੱਕ “ਸਿਟੀ ਬਿਊਟੀਫੁਲ” ‘ਚ ਬਿਜਲੀ ਹੋ ਜਾਵੇਗੀ ਬਹਾਲ
ਚੰਡੀਗੜ੍ਹ, 23 ਫਰਵਰੀ 2022 : ਚੰਡੀਗੜ੍ਹ ‘ਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦਾ ਹਾਈ ਕੋਰਟ ਨੇ ਸਖ਼ਤ ਨੋਟਿਸ ਲਿਆ ਅਤੇ ਤੁਰੰਤ ਬਿਜਲੀ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਚੰਡੀਗੜ੍ਹ ਵਿਚ ਬੀਤੇ ਦਿਨ ਪੂਰੇ ਸ਼ਹਿਰ ਵਿਚ ਬਿਜਲੀ ਗੁੱਲ ਹੋ ਗਈ ਸੀ। ਆਮ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਕਾਰਨ ਹਾਈਕੋਰਟ ਨੇ ਸਖਤੀ ਕਰਦਿਆਂ ਕਿਹਾ ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਅੱਜ ਸਵੇਰੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਮੀਟਿੰਗ ਐਸ ਡੀ ਐਮ (SDM ) ਅਤੇ ਏ ਡੀ ਸੀ (ADC) ਨਾਲ ਹੋਈ ਸੀ। ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਬਿਜਲੀ ਬਹਾਲ ਕਰਨ ਦੇ ਸੰਕੇਤ ਦੇ ਦਿੱਤੇ ਸਨ।ਮਾਮਲੇ ਦੀ ਸੁਣਵਾਈ ਦੌਰਾਨ ਪ੍ਰਸ਼ਾਸਨ ਨੇ ਦਸਿਆ ਕਿ ਹੁਣ ਤਕ 80 ਫੀਸਦੀ ਬਿਜਲੀ ਬਹਾਲ ਹੋ ਚੁਕੀ ਹੈ ਅਤੇ ਰਾਤ 10 ਵਜੇ ਤਕ ਪੂਰੇ ਸ਼ਹਿਰ ‘ਚ ਕਰ ਦਿਤੀ ਜਾਵੇਗੀ ।
ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰਦਿਆਂ ਕਿਹਾ ਕਿ ਪਹਿਲਾਂ ਪੂਰੇ ਸ਼ਹਿਰ ਦੀ ਬਿਜਲੀ ਬਹਾਲ ਕੀਤੀ ਜਾਵੇ। ਇਸ ਤੋਂ ਬਾਅਦ ਅਗਲੀ ਸੁਣਵਾਈ ਕੀਤੀ ਜਾਵੇਗੀ ।