ਆਫਲਾਈਨ ਮੋਡ ਰਾਹੀਂ ਹੋਣਗੀਆਂ 10ਵੀਂ – 12ਵੀਂ ਦੀਆਂ ਬੋਰਡ ਪ੍ਰੀਖਿਆਵਾਂ, ਸੁਪਰੀਮ ਕੋਰਟ ਨੇ ਪਟੀਸ਼ਨ ਕੀਤੀ ਖਾਰਿਜ
ਨਵੀਂ ਦਿੱਲੀ, 23 ਫਰਵਰੀ 2022 : ਸਾਲ 2021 – 2022 ਲਈ 10 ਵੀਂ ਅਤੇ 12 ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵਡਾ ਫੈਸਲਾ ਆਇਆ ਹੈ । ਮਾਨਯੋਗ ਅਦਾਲਤ ਨੇ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਅੱਜ ਖਾਰਿਜ ਕਰ ਦਿੱਤਾ ਹੈ ।
ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਉਣ ਵਾਲੀਆਂ CBSE, CISCE, NIOS ‘ਤੇ ਹੋਰ ਸੂਬਿਆਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਬੇਨਤੀ ਮਾਪਿਆਂ ਅਤੇ ਵਿਦਿਆਰਥੀਆਂ ਵਲੋਂ ਕੀਤੀ ਗਈ ਸੀ। ਮਾਨਯੋਗ ਅਦਾਲਤ ਦਾ ਕਹਿਣਾ ਹੈ ਕਿ ਅਜਿਹੀਆਂ ਪਟੀਸ਼ਨਾਂ ਗੁੰਮਰਾਹਕੁੰਨ ਹਨ ਅਤੇ ਵਿਦਿਆਰਥੀਆਂ ਨੂੰ ਝੂਠੀ ਉਮੀਦ ਦਿੰਦੀਆਂ ਹਨ।
ਸਿਖਰਲੀ ਅਦਾਲਤ ਨੇ ਮੰਗਲਵਾਰ ਨੂੰ ਸਾਰੇ ਰਾਜ (ਸਟੇਟ) ਬੋਰਡਾਂ, ਸੀਬੀਐਸਈ (CBSE), ਆਈਸੀਐਸਈ (ICSE) ਅਤੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ (NIOS) ਦੁਆਰਾ ਕਰਵਾਈਆਂ ਜਾਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਆਫਲਾਈਨ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ 23 ਫਰਵਰੀ ਨੂੰ ਸੂਚੀਬੱਧ ਕਰਨ ਲਈ ਸਹਿਮਤੀ ਦਿੱਤੀ।ਜਿਕਰਯੋਗ ਹੈ ਕਿ ਮੱਧ ਪ੍ਰਦੇਸ਼, ਬਿਹਾਰ ਸਮੇਤ ਕੁਝ ਰਾਜ ਬੋਰਡਾਂ ਨੇ ਬੋਰਡ ਪ੍ਰੀਖਿਆਵਾਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਨਾਲ ਹੀ ਮਹਾਰਾਸ਼ਟਰ ਬੋਰਡ ਦੀਆਂ ਪ੍ਰੀਖਿਆਵਾਂ 4 ਮਾਰਚ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ।
ਦਸ ਦਈਏ ਕਿ ਜਸਟਿਸ ਏਐਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਪਟੀਸ਼ਨ ਦੀ ਕਾਪੀ ਸੀਬੀਐਸਈ ਅਤੇ ਸਾਰੇ ਰਾਜ ਬੋਰਡਾਂ ਨੂੰ ਦੇਣ ਲਈ ਕਿਹਾ ਸੀ। ਜਿਸ ਤੋਂ ਉਪਰੰਤ ਇਹ ਮਾਮਲਾ ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ ਅਤੇ ਉਨ੍ਹਾਂ ਵਲੋਂ ਪੂਰਾ ਮਾਮਲਾ ਜਸਟਿਸ ਖਾਨਵਿਲਕਰ ਦੀ ਬੈਂਚ ਕੋਲ ਭੇਜ ਦਿੱਤਾ ਗਿਆ ਸੀ।