ਮੁੜ ਮੰਡਰਾਉਣ ਲੱਗਾ ਪੰਜਾਬ ਦੇ ਥਰਮਲ ਪਲਾਂਟਾਂ ‘ਤੇ ਕੋਲ਼ੇ ਦਾ ਸੰਕਟ

ਚੰਡੀਗੜ੍ਹ, 22 ਫਰਵਰੀ 2022 : ਕੋਲ ਇੰਡੀਆ ਲਿਮਟਿਡ ਵੱਲੋਂ ਪਿਛਲੇ ਸਾਲ ਨਾਲੋਂ 6 ਫ਼ੀਸਦੀ ਵੱਧ ਕੋਲੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਉਹਨਾਂ ਵੱਲੋਂ ਨਿਰਧਾਰਤ ਰੇਟਾਂ ਤੋਂ ਵੱਧ ਇਹ ਕੋਲਾ ਈ -ਆਕਸ਼ਨ ਰਾਹੀਂ ਵੇਚਿਆ ਜਾ ਰਿਹਾ ਹੈ ਜੋ ਪੰਜਾਬ ਦੇ ਥਰਮਲ ਪਲਾਂਟਾਂ ਲਈ ਮਹਿੰਗਾ ਪੈ ਰਿਹਾ ਹੈ। ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਸੰਕਟ ਹੋਰ ਵੱਧ ਸਕਦਾ ਹੈ। ਨਾਲ ਹੀ ਰੇਲਵੇ ਵੱਲੋਂ ਖਾਲੀ ਰੈਕ ਦੇਣ ਲਈ 15 ਫ਼ੀਸਦੀ ਵੱਧ ਚਾਰਜ ਲਿਆ ਜਾ ਰਿਹਾ ਹੈ ਅਤੇ ਕੋਲੇ ਦੇ ਹੋਰ ਵੀ ਮਹਿੰਗੇ ਹੋਣ ਦਾ ਕਾਰਨ ਬਣਦਾ ਹੈ । ਪਾਵਰ ਸੈਕਟਰ ਦੇ ਮਾਹਿਰਾਂ ਅਨੁਸਾਰ ਆਉਂਦੇ ਝੋਨੇ ਦੇ ਸੀਜ਼ਨ ਸਮੇਂ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੋ ਸਕਦੀ ਹੈ।
ਦਸ ਦਈਏ ਕਿ ਐਨ ਟੀ ਪੀ ਸੀ ਰੇਲਵੇ ਨੂੰ 15 ਫ਼ੀਸਦੀ ਵਾਧੂ ਪ੍ਰੀਮੀਅਮ ਦੇ ਰਹੀ ਹੈ। ਜੇਕਰ ਪੰਜਾਬ ਦੇ ਥਰਮਲ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਦੀ ਗੱਲ ਕਰੀਏ ਤਾਂ ਐਤਵਾਰ ਤਕ ਸਰਕਾਰੀ ਖੇਤਰ ਅਨੁਸਾਰ ਥਰਮਲ ਪਲਾਂਟ ‘ਚ ਕੋਲਾ ਸਿਰਫ 21.6 ਦਿਨਾਂ ਦਾ ਬਚਿਆ ਸੀ ਅਤੇ ਇਸੇ ਤਰ੍ਹਾਂ ਰੋਪੜ ਥਰਮਲ ਪਲਾਂਟ ਵਿੱਚ 25.2 ਦਿਨਾਂ ਦਾ ਕੋਲਾ ਸਟਾਕ ਹੈ। ਜਿਸ ਕਾਰਨ ਪੰਜਾਬ ਵਿਚ ਇਕ ਵਾਰ ਫਿਰ ਤੋਂ ਹਨੇਰਾ ਛਾਉਣ ਦਾ ਵੱਡਾ ਖ਼ਦਸ਼ਾ ਨਜਰ ਆ ਰਿਹਾ ਹੈ ਜਿਸ ਕਾਰਨ ਆਮ ਲੋਕਾਂ, ਕਿਸਾਨਾਂ ਅਤੇ ਪੰਜਾਬ ਦੇ ਕਾਰੋਬਾਰੀਆਂ ਨੂੰ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।