ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ, 7 ਔਰਤਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ
ਹਿਮਾਚਲ ਪ੍ਰਦੇਸ਼ 22 ਫਰਵਰੀ 2022 : ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਟਾਹਲੀਵਾਲ ਇਲਾਕੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਊਨਾ-ਬਰੇਲੀ ਸਥਿਤ ਪਟਾਕਾ ਫੈਕਟਰੀ ‘ਚ ਵੱਡਾ ਧਮਾਕਾ ਹੋਇਆ ਹੈ। ਪਟਾਕੇ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗਣ ਕਾਰਨ 7 ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਹਾਦਸੇ ‘ਚ ਇਕ 45 ਸਾਲਾ ਅਕਤਰੀ ਦੇਵੀ ਪਤਨੀ ਅਨਵਰ ਅਤੇ 18 ਸਾਲਾ ਅਨਮਤਾ ਪੁੱਤਰੀ ਅਨਵਰ ਵਾਸੀ ਪਿੰਡ ਬਿਲਾਸਪੁਰ ਜ਼ਿਲਾ ਰਾਮਪੁਰ ਉੱਤਰ ਪ੍ਰਦੇਸ਼ ਨਿਵਾਸੀ ਦੀ ਮੌਤ ਹੋ ਗਈ ਹੈ। ਦੋਵੇਂ ਮਾਂ-ਧੀ ਸਨ ਅਤੇ ਫੈਕਟਰੀ ਵਿੱਚ ਕੰਮ ਕਰਦੀਆਂ ਸਨ।ਹਾਦਸੇ ‘ਤੇ ਸਥਾਨਕ ਪੰਚਾਇਤ ਦੀ ਪ੍ਰਧਾਨ ਸੁਰੇਖਾ ਰਾਣਾ ਨੇ ਦੱਸਿਆ ਕਿ ਇਹ ਫੈਕਟਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ ਅਤੇ ਪੰਚਾਇਤ ਦੀ ਐਨਓਸੀ ਤੋਂ ਬਿਨਾਂ ਚਲਾਈ ਜਾ ਰਹੀ ਸੀ। ਉਹਨਾਂ ਦਸਿਆ ਕਿ ਫੈਕਟਰੀ ਵਿੱਚ ਪਾਣੀ ਦਾ ਕੁਨੈਕਸ਼ਨ ਵੀ ਨਹੀਂ ਸੀ । ਆਸ-ਪਾਸ ਦੇ ਲੋਕਾਂ ਅਤੇ ਆਂਢ-ਗੁਆਂਢ ਵੀ ਇਸ ਤੋਂ ਅਣਜਾਣ ਸੀ। ਦਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਦੂਜੇ ਸੂਬਿਆਂ ਦੇ ਵਸਨੀਕ ਹਨ।