18 ਫਰਵਰੀ ਸ਼ਾਮ 6 ਵਜੇ ਤੋਂ ਜ਼ਿਲ੍ਹੇ ਦੇ ਕਿਸੇ ਵੀ ਹਲਕੇ `ਚ ਬਾਹਰੀ ਵਿਅਕਤੀ ਦੇ ਠਹਿਰਣ ਦੀ ਮਨਾਹੀ – ਡਿਪਟੀ ਕਮਿਸ਼ਨਰ

0

ਫਾਜਿ਼ਲਕਾ ‘ਚ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ

ਫਾਜਿਲ਼ਕਾ, 17 ਫਰਵਰੀ  2022 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫਾਜਿ਼ਲਕਾ ਸ੍ਰੀਮਤੀ ਬਬੀਤਾ ਕਲੇਰ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਫਰਵਰੀ, 2022 ਸ਼ਾਮ 6 ਵਜੇ ਤੋਂ ਜਿ਼ਲ੍ਹੇ ਦੇ ਕਿਸੇ ਵੀ ਹਲਕੇ ਚ ਹਲਕੇ ਤੋਂ ਬਾਹਰੀ ਵਿਅਕਤੀ ਦੇ ਠਹਿਰਣ ਤੇ ਪਾਬੰਦੀ ਹੋਵੇਗੀ ਅਤੇ ਹਰ ਤਰ੍ਹਾਂ ਦੇ ਚੋਣ ਪ੍ਰਚਾਰ `ਤੇ ਪੂਰਨ ਪਾਬੰਦੀ ਰਹੇਗੀ ਅਤੇ ਕਿਸੇ ਵੱਲੋਂ ਉਲੰਘਣਾ ਕਰਨ `ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਸਬੰਧਤ ਵਿਧਾਨ ਸਭਾ ਹਲਕੇ ਦੇ ਵਸਨੀਕਾਂ ਨੂੰ ਛੱਡ ਕੇ ਜ਼ਿਲ੍ਹੇ ਦੇ ਕਿਸੇ ਵੀ ਹਲਕੇ ਵਿੱਚ ਬਾਹਰੀ ਵਿਅਕਤੀਆਂ ਦੇ ਆਉਣ `ਤੇ ਪੂਰਨ ਪਾਬੰਦੀ ਹੈ ਅਤੇ ਭਲਕੇ ਸ਼ਾਮ 6 ਵਜੇ ਤੋਂ ਪਹਿਲਾਂ ਸਾਰੇ ਬਾਹਰੀ ਵਿਅਕਤੀ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਵਾਪਸ ਚਲੇ ਜਾਣ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਯਾਤਰਾ ਯੋਜਨਾ ਇਸ ਤਰ੍ਹਾਂ ਤਿਆਰ ਕਰਨ ਕਿ ਉਹ ਭਲਕੇ ਸ਼ਾਮ 6 ਵਜੇ ਤੋਂ ਪਹਿਲਾਂ ਦੂਜੇ ਹਲਕਿਆਂ ਨੂੰ ਛੱਡ ਦੇਣ ਅਤੇ ਇਸ ਸਬੰਧੀ ਕੋਈ ਵੀ ਬਹਾਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸ੍ਰੀਮਤੀ ਬਬੀਤਾ ਕਲੇਰ ਨੇ ਚੇਤਾਵਨੀ ਦਿੱਤੀ ਕਿ ਜ਼ਿਲ੍ਹੇ ਦੇ ਕਿਸੇ ਵੀ ਹਿੱਸੇ ਵਿੱਚ ਜੇਕਰ ਕੋਈ ਵਿਅਕਤੀ ਧੱਕਾ ਕਰਕੇ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅਜਿਹੇ ਵਿਅਕਤੀਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ ਅਤੇ ਉਨ੍ਹਾਂ ਖਿਲਾਫ ਲੋੜੀਂਦੀ ਕਾਨੂੰਨੀ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੋਟ ਲਈ ਧਨ ਦੇਣਾ ਜਾਂ ਡਰਾਉਣਾ ਧਮਕਾਉਣਾ ਅਪਰਾਧ ਹੈ। ਉਨ੍ਹਾਂ ਨੇ ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੀ ਇੱਛਾ ਅਨੁਸਾਰ ਮਤਦਾਨ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ ਕਿ ਪੁਲਿਸ, ਰਿਟਰਨਿੰਗ ਅਫ਼ਸਰਾਂ ਅਤੇ ਫਲਾਇੰਗ ਸਕੁਐਡ ਵੱਲੋਂ ਸਾਂਝੇ ਤੌਰ `ਤੇ ਸਾਰੇ ਹੋਟਲਾਂ/ਲੌਜ/ਗੈਸਟ ਹਾਊਸ/ਮੈਰਿਜ ਪੈਲੇਸਾਂ/ਰੈਸਟੋਰੈਂਟਾਂ ਆਦਿ ਦੀ ਮੁਕੰਮਲ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਥੇ ਕੋਈ ਬਾਹਰੀ ਵਿਅਕਤੀ ਨਾ ਠਹਿਰਿਆ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਮਹਿਮਾਨਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਜੇਕਰ ਸਬੰਧਤ ਹਲਕੇ ਦੇ ਵਸਨੀਕ ਨਹੀਂ ਹਨ ਤਾਂ ਉਨ੍ਹਾਂ ਨੂੰ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ 20 ਫਰਵਰੀ, 2022 ਨੂੰ ਪੋਲਿੰਗ ਪੂਰੀ ਹੋਣ ਤੱਕ ਦੂਸਰੇ ਹਲਕੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ  ਵੱਲੋਂ ਪਹਿਲਾਂ ਹੀ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ 20 ਫਰਵਰੀ 2022 ਤੱਕ ਵੋਟਾਂ ਦੀ ਸਮਾਪਤੀ ਤੱਕ ਜ਼ਿਲ੍ਹੇ ਵਿੱਚ ਡਰਾਈ ਡੇਅ ਐਲਾਨਿਆ ਜਾ ਚੁੱਕਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ 18 ਫਰਵਰੀ ਸ਼ਾਮ 6 ਵਜ਼ੇ ਤੋਂ 20 ਫਰਵਰੀ ਤੱਕ ਡਰਾਈ ਡੇਅ ਰਹੇਗਾ। ਇਸੇ ਤਰ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਹੋਣ ਵਾਲੇ ਦਿਨ ਵੀ ਡਰਾਈ ਡੇਅ ਵਜੋਂ ਐਲਾਨਿਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਮੈਰਿਜ ਪੈਲੇਸ ਅਤੇ ਹੋਰ ਥਾਵਾਂ `ਤੇ ਸ਼ਰਾਬ ਪਰੋਸਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਵੀ ਵਿਅਕਤੀ ਸ਼ਰਾਬ ਦੀ ਸਟੋਰੇਜ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਇਹ ਹੁਕਮ ਵੋਟਾਂ ਅਤੇ ਗਿਣਤੀ ਦੇ ਮੱਦੇਨਜ਼ਰ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਸ਼ਾਂਤਮਈ, ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਫਾਜਿ਼ਲਕਾ ਵਿਚ ਸੁਰੱਖਿਆ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਵੋਟਰ ਬਿਨ੍ਹਾਂ ਕਿਸੇ ਡਰ ਭੈਅ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਦੇ ਹਨ। ਫਾਜਿ਼ਲਕਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਦੇ ਖੁੱਲ ਕੇ ਵੋਟ ਪਾਉਣ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਉਮੀਦਵਾਰ/ਰਾਜਸੀ ਪਾਰਟੀ ਨਕਦੀ, ਸ਼ਰਾਬ ਜਾਂ ਹੋਰ ਕੋਈ ਚੀਜ਼ ਆਦਿ ਵੰਡ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

About The Author

Leave a Reply

Your email address will not be published. Required fields are marked *