ਚੋਣ ਆਬਜ਼ਰਬਰਾਂ ਵੱਲੋਂ ਵੋਟਰ ਜਾਗਰੂਕਤਾ ਗੀਤ ” ਪਾਉਣੀ ਵੋਟ ਜ਼ਰੂਰੀ ਆ ” ਰਿਲੀਜ਼
– ਮੋਗਾ ਦੇ ਡੀ ਪੀ ਆਰ ਓ ਪ੍ਰਭਦੀਪ ਸਿੰਘ ਨੱਥੋਵਾਲ ਵੱਲੋਂ ਗਾਇਆ ਗੀਤ ਕਰੇਗਾ ਵੋਟਰਾਂ ਨੂੰ ਵੋਟ ਦਾ ਜਰੂਰੀ ਇਸਤੇਮਾਲ ਕਰਨ ਲਈ ਪ੍ਰੇਰਿਤ
ਮੋਗਾ, 16 ਫਰਵਰੀ 2022 : ਅਗਾਮੀ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੋਸ਼ਿਸ਼ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ, ਮੋਗਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਇਕ ਗੀਤ ” ਪਾਉਣੀ ਵੋਟ ਜ਼ਰੂਰੀ ਆ ” ਤਿਆਰ ਕੀਤਾ ਹੈ। ਇਸ ਗੀਤ ਨੂੰ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਲਗਾਏ ਗਏ ਚੋਣ ਆਬਜ਼ਰਬਰਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਵੱਲੋਂ ਰਿਲੀਜ਼ ਕੀਤਾ ਗਿਆ।
ਚੋਣ ਆਬਜ਼ਰਬਰਾਂ ਵਿੱਚ ਸ਼੍ਰੀ ਵੇਦ ਪਤੀ ਮਿਸ਼ਰਾ, ਸ਼੍ਰੀ ਅਮਿਤ ਕੁਮਾਰ ਘੋਸ਼, ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਸ਼੍ਰੀ ਸੁਮਨਜੀਤ ਰੇਅ ਸ਼ਾਮਿਲ ਸਨ। ਜਦਕਿ ਸ੍ਰ ਹਰਚਰਨ ਸਿੰਘ ਅਤੇ ਸ੍ਰ ਸੁਰਿੰਦਰ ਸਿੰਘ (ਦੋਵੇਂ ਵਧੀਕ ਡਿਪਟੀ ਕਮਿਸ਼ਨਰ), ਐਸ ਡੀ ਐਮ ਸ੍ਰ ਸਤਵੰਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ਼੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਇਸ ਗੀਤ ਨੂੰ ਮੋਗਾ ਦੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਗਾਇਆ ਅਤੇ ਪ੍ਰਸਿੱਧ ਗੀਤਕਾਰ ਜਗਦੇਵ ਮਾਨ ਨੇ ਲਿਖਿਆ ਹੈ। ਸੰਗੀਤ ਨਾਮਵਰ ਸੰਗੀਤਕਾਰ ਜੱਸੀ ਨਿਹਾਲੂਵਾਲ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਸਥਾਪਤ ਮਿਊਜ਼ਿਕ ਕੰਪਨੀ ਜਪਸ ਮਿਊਜ਼ਕ ਅਤੇ ਸਪੇਸ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਰ ਵੋਟਰ ਹਿੱਸਾ ਲਵੇ। ਇਹਨਾਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਬਿਨਾ ਕਿਸੇ ਡਰ, ਭੈਅ, ਲਾਲਚ ਤੋਂ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਅਗਾਮੀ ਚੋਣਾਂ ਨੂੰ ਪਾਰਦਰਸ਼ਤਾ ਅਤੇ ਦ੍ਰਿੜਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਹਾਜ਼ਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਦੱਸਿਆ ਕਿ ਇਸ ਗੀਤ ਨੂੰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਹਰੀਸ਼ ਨਈਅਰ ਦੀ ਪ੍ਰੇਰਨਾ ਨਾਲ ਤਿਆਰ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮੁੱਖ ਚੋਣ ਦਫ਼ਤਰ ਪੰਜਾਬ, ਸਵੀਪ ਟੀਮ ਜ਼ਿਲ੍ਹਾ ਮੋਗਾ, ਸ੍ਰ ਅਵਤਾਰ ਸਿੰਘ ਧਾਲੀਵਾਲ, ਸ੍ਰ ਅਮਰਪ੍ਰੀਤ ਸਿੰਘ ਮੱਕੜ, ਅਜੀਤ ਅਖਾੜਾ, ਗੁਰਸੇਵਕ ਸਿੰਘ ਗਾਲਿਬ ਕਲਾਂ, ਪਰਗਟ ਸਿੰਘ ਪੰਜਗਰਾਈਂ ਅਤੇ ਹੋਰਾਂ ਦਾ ਬਹੁਤ ਸਹਿਯੋਗ ਰਿਹਾ।