ਮਾਨ ਨੇ ਫਗਵਾੜਾ ਦੀ ਤਰੱਕੀ ਅਤੇ ਖੁਸ਼ਹਾਲੀ ਲਈ 21 ਨੁਕਾਤੀ ਰੋਡਮੈਪ ਜਾਰੀ ਕੀਤਾ

0

ਫਗਵਾੜਾ, 13 ਫਰਵਰੀ 2022 : ਆਮ ਆਦਮੀ ਪਾਰਟੀ (ਆਪ) ਦੇ ਫਗਵਾੜਾ ਤੋਂ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਮੁੱਖ ਰੱਖਦਿਆਂ ਆਪਣਾ 21 ਨੁਕਾਤੀ ਏਜੰਡਾ ‘ਆਪਣੇ ਫਗਵਾੜੇ ਲਈ ਮੇਰਾ ਰੋਡਮੈਪ’ ਜਾਰੀ ਕੀਤਾ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ‘ਆਪ’ ਆਗੂ ਇੰਦਰਜੀਤ ਸਿੰਘ ਖਲਿਆਣ ਨਾਲ ਕਿਹਾ ਕਿ ਫਗਵਾੜਾ ਨੂੰ ਜਿਲ੍ਹਾ ਬਣਾਉਣਾ ਉਹਨਾਂ ਦੀ ਮੁੱਖ ਤਰਜੀਹ ਹੋਵੇਗੀ । ਨਾਲ ਹੀ ਉਹਨਾਂ ਕਿਹਾ ਕਿ ਫਗਵਾੜਾ ਦੇ ਸਰਵਪੱਖੀ ਵਿਕਾਸ ਲਈ ਇਸ ਨੂੰ ਸਮਾਰਟ ਸਿਟੀ ਸਕੀਮ ਵਿੱਚ ਸ਼ਾਮਲ ਕੀਤਾ ਜਾਵੇਗਾ। ਫਗਵਾੜਾ ਇਕ ਪਵਿੱਤਰ ਧਰਤੀ ਹੈ ਇਸ ਲਈ ਖਾਟੀ ਧਾਮ – ਭਗਵਾਨ ਪਰਸ਼ੂਰਾਮ ਜੀ ਨਾਲ ਸਬੰਧਤ ਇੱਕ ਪਵਿੱਤਰ ਸਥਾਨ, ਚੱਕ ਹਕੀਮ- ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਦੇ ਚਰਨ ਛੋਹ ਪ੍ਰਾਪਤ ਸਦੀਆਂ ਪੁਰਾਣਾ ਮੰਦਿਰ ਹੈ ਅਤੇ ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਸ੍ਰੀ ਹਰਗੋਬਿੰਦ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਹੋਰ ਵਿਕਸਤ ਕਰਕੇ ਇੱਕ ਧਾਰਮਿਕ ਸੈਰ ਸਪਾਟਾ ਸਰਕਟ ਬਣਾਇਆ ਜਾਵੇਗਾ। ਇਸ ਨਾਲ ਜਿੱਥੇ ਫਗਵਾੜਾ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਉਥੇ ਨਾਲ ਹੀ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਖੁਲ੍ਹਣਗੇ ।

ਚਿੱਟੀ ਬੇਈਂ ਜੋ ਨਸੀਰਾਬਾਦ ਤੋਂ ਫਗਵਾੜਾ ਵਿੱਚ ਦਾਖਲ ਹੁੰਦੀ ਹੈ, ਮਹੇੜੂ ਤੱਕ ਹਰ ਸਾਲ ਬਹੁਤ ਤਬਾਹੀ ਮਚਾਉਂਦੀ ਹੈ। ਕਿਉਂਕਿ ਇਹ ਬੇਈਂ ਹਰ ਸਾਲ ਕਿਸਾਨਾਂ ਦਾ ਕਾਫੀ ਨੁਕਸਾਨ ਕਰਦੀ ਹੈ ਇਸ ਲਈ ਇਸ ਨੂੰ ਪਹਿਲ ਦੇ ਆਧਾਰ ‘ਤੇ ਚੈਨੇਲਾਇਜ ਕੀਤਾ ਜਾਵੇਗਾ। ਨਾਲ ਹੀ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਯਾਦ ਵਿੱਚ ਫਗਵਾੜਾ ਵਿਖੇ ਇੱਕ ਅਤਿ ਆਧੁਨਿਕ ਕਨਵੈਨਸ਼ਨ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ। ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੇ ਹੱਲ ਲਈ ਵਿਸ਼ੇਸ ਯਤਨ ਕਰਨ ਤੋਂ ਇਲਾਵਾ ਬੇਸਹਾਰਾ ਪਸ਼ੂਆਂ ਲਈ ਵੱਖਰਾ ਕੈਟਲ ਪਾਉਂਡ ਜਾਂ ਗਊਸ਼ਾਲਾ ਬਣਾਈ ਜਾਵੇਗੀ ਫਗਵਾੜਾ ਦੇ ਮੌਜੂਦਾ ਸਿਵਲ ਹਸਪਤਾਲ ਨੂੰ ਟਰੌਮਾ ਸੈਂਟਰ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ ।

https://www.facebook.com/109153657928252/posts/320475330129416/?flite=scwspnss

ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਫਗਵਾੜਾ ਵਿੱਚ ਇੱਕ ਸਰਕਾਰੀ ਕਾਲਜ ਸਥਾਪਿਤ ਕੀਤਾ ਜਾਵੇਗਾ। ਮਿਆਰੀ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਹਿਤ ਅਤੇ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ । ਫਗਵਾੜਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਬਹੁਤ ਸਾਰੇ ਨਵੇਂ ਇਲਾਕੇ ਉਸਰ ਗਏ ਹਨ, ਇਸ ਲਈ ਸ਼ਹਿਰ ਵਿੱਚ 100% ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਨੂੰ ਯਕੀਨੀ ਬਣਾਇਆ ਜਾਵੇਗਾ।

ਇਸੇ ਤਰ੍ਹਾਂ, ਲੋਕਾਂ ਨੂੰ ਸੁਖ਼ਦ ਆਵਾਜਾਈ ਮੁੱਹਈਆ ਕਰਵਾਉਣ ਲਈ ਪੇਂਡੂ ਸੜਕੀ ਨੈਟਵਰਕ ਨੂੰ ਅਪਗ੍ਰੇਡ ਅਤੇ ਮਜ਼ਬੂਤ ​​ਕੀਤਾ ਜਾਵੇਗਾ। ਫਗਵਾੜਾ ਉਦਯੋਗ ਦਾ ਧੁਰਾ ਹੈ ਇਸ ਲਈ ਫਗਵਾੜਾ ਵਿੱਚ ਇੱਕ ਵਿਸ਼ੇਸ਼ ਆਰਥਿਕ ਜ਼ੋਨ (SEZ) ਸਥਾਪਿਤ ਕੀਤਾ ਜਾਵੇਗਾ ਅਤੇ ਸਥਾਨਕ ਉਦਯੋਗਾਂ ਨੂੰ ਆਲਮੀ ਪੱਧਰ ਤੇ ਉਦਯੋਗਾਂ ਨਾਲ ਮੁਕਾਬਲਾ ਕਰਨ ਲਈ ਪ੍ਰੋਤਸਾਹਨ ਦਿੱਤੇ ਜਾਣਗੇ । ਫਗਵਾੜਾ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਦਾ ਹੋਰ ਵਿਕਾਸ ਕਰਕੇ ਇਸ ਨੂੰ 100% ਬਰਸਾਤੀ ਪਾਣੀ ਮੁਕਤ ਸ਼ਹਿਰ ਬਣਾਇਆ ਜਾਵੇਗਾ।

ਸ਼ਹਿਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇੱਕ ਮਾਸਟਰ ਪਲਾਨ ਬਣਾਇਆ ਜਾਵੇਗਾ। ਫਗਵਾੜਾ ਦੇ ਹਰ ਪਿੰਡ ਅਤੇ ਵਾਰਡ ਵਿੱਚ ਓਪਨ ਜਿੰਮ ਅਤੇ ਪਾਰਕ ਬਣਾਏ ਜਾਣਗੇ। ਫਗਵਾੜਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਸੁਥਰਾ ਅਤੇ ਹਰਿਆ ਭਰਿਆ ਸ਼ਹਿਰ ਬਣਾਉਣ ਲਈ ਹਰ ਸਾਲ ਪੰਜ ਲੱਖ ਬੂਟੇ ਲਗਾਏ ਜਾਣਗੇ।

ਜਿਵੇਂ ਕਿ ਰੇਲਵੇ ਲਾਈਨ ਫਗਵਾੜਾ ਨੂੰ ਮੱਧ ਵਿੱਚੋਂ ਵੰਡਦੀ ਹੈ, ਇਸ ਲਈ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਖੇੜਾ ਰੋਡ ਅਤੇ ਹੋਰ ਜਿੱਥੇ ਵੀ ਲੋੜ ਹੋਵੇ, ਰੇਲਵੇ ਅੰਡਰ ਬ੍ਰਿਜ (RUB) ਅਤੇ ਰੇਲਵੇ ਓਵਰ ਬ੍ਰਿਜ (ROB) ਬਣਾਏ ਜਾਣਗੇ। ਕੂੜੇ ਦੀ ਸਮੱਸਿਆ ਤੋ ਮੁਕਤ ਕਰਨ ਲਈ ਇਸ ਦੇ ਨਿਪਟਾਰੇ ਲਈ ਸੋਲਿਡ ਵੇਸਟ ਮੈਨਜਮੈਂਟ ਯਕੀਨੀ ਬਣਾਇਆ ਜਾਵੇਗਾ।

ਪਿੰਡਾਂ ਦੇ ਸਰਬ-ਪੱਖੀ ਵਿਕਾਸ ਨੂੰ ਆਧੁਨਿਕ ਅਤੇ ਵਿਗਿਆਨਕ ਲੀਹਾਂ ‘ਤੇ ਕਰਨ ਲਈ ਵੱਡਾ ਹੁਲਾਰਾ ਦਿੱਤਾ ਜਾਵੇਗਾ। ਲੋਕਾਂ ਦੀ ਸਹੂਲਤ ਲਈ ਫਗਵਾੜਾ ਵਿੱਚ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾਵੇਗਾ। ਨੌਜਵਾਨਾਂ ਲਈ ਨਿੱਜੀ ਅਤੇ ਜਨਤਕ ਖੇਤਰ ਦੋਵਾਂ ਵਿੱਚ ਰੋਜਗਾਰ ਦੇ ਨਵੇਂ ਮੌਕੇ ਪੈਦਾ ਕਰਨ ‘ਤੇ ਧਿਆਨ ਦਿੱਤਾ ਜਾਵੇਗਾ ਅਤੇ ਉਹਨਾਂ ਦੀ ਅਥਾਹ ਊਰਜਾ ਨੂੰ ਉਸਾਰੂ ਪਾਸੇ ਵਰਤਣ ਲਈ ਫਗਵਾੜਾ ਵਿੱਚ ਇੱਕ ਅਤਿ ਆਧੁਨਿਕ ਸਟੇਡੀਅਮ ਕਮ ਮਲਟੀ ਸਪੋਰਟਸ ਹੱਬ ਸਥਾਪਿਤ ਕੀਤਾ ਜਾਵੇਗਾ।

ਇਸ ਮੌਕੇ ਨਿਰਮਲ ਸਿੰਘ, ਹਰਮੇਸ਼ ਪਾਠਕ, ਮੈਡਮ ਲਲਿਤ, ਨਰੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *