ਫਗਵਾੜਾ ‘ਚ ਹਰਜੀ ਮਾਨ ਦੀ ਅਗਵਾਈ ‘ਚ ਯੂਥ ਵਰਕਰਾਂ ਨੇ ‘ਆਪ’ ਉਮੀਦਵਾਰ ਦੇ ਹੱਕ ‘ਚ ਘਰ-ਘਰ ਪ੍ਰਚਾਰ ਕੀਤਾ
ਫਗਵਾੜਾ, 6 ਫਰਵਰੀ 2022 : ਹਰਨੂਰ ਸਿੰਘ ਹਰਜੀ ਮਾਨ ਦੀ ਅਗਵਾਈ ਹੇਠ ਅੱਜ ਯੂਥ ਵਰਕਰਾਂ ਨੇ ਫਗਵਾੜਾ ਤੋਂ ‘ਆਪ’ ਉਮੀਦਵਾਰ ਅਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਹੱਕ ਵਿੱਚ ਘਰ-ਘਰ ਜਾ ਕੇ ਪ੍ਰਚਾਰ ਕੀਤਾ।
ਸ਼ਹਿਰ ਦੇ ਮੁਹੱਲਾ ਧਰਮਕੋਟ ਵਿੱਚ ਡੋਰ ਟੂ ਡੋਰ ਪ੍ਰਚਾਰ ਦੌਰਾਨ ਹਰਜੀ ਮਾਨ ਨੇ ਕਿਹਾ ਕਿ ਨੌਜਵਾਨਾਂ ਲਈ ਇਹ ਫੈਸਲਾਕੁੰਨ ਸਮਾਂ ਹੈ ਕਿਉਂਕਿ ਉਨ੍ਹਾਂ ਨੇ ਅਜਿਹੇ ਆਗੂ ਦੀ ਚੋਣ ਕਰਨੀ ਹੈ ਜੋ ਉਨ੍ਹਾਂ ਦੀ ਕਿਸਮਤ ਬਦਲ ਸਕੇ। ਉਨ੍ਹਾਂ ਕਿਹਾ ਕਿ ਅਕਾਲੀ, ਭਾਜਪਾ, ਬਸਪਾ ਅਤੇ ਕਾਂਗਰਸ ਭ੍ਰਿਸ਼ਟ ਨਿਜ਼ਾਮ ਨੂੰ ਚਲਾਉਣ ਦੇ ਹੱਕ ਵਿੱਚ ਹਨ, ਜਿੱਥੇ ਨੌਜਵਾਨਾਂ ਦਾ ਸਿਆਸੀ ਉਦੇਸ਼ਾਂ ਲਈ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਫਿਰ ਉਜਾੜੇ ਵਿੱਚ ਭੇਜਿਆ ਜਾਂਦਾ ਹੈ। ਪਰ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਦਿੱਲੀ ਮਾਡਲ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਪ੍ਰਮੁੱਖ ਭੂਮਿਕਾ ਨੂੰ ਨਿਰਧਾਰਤ ਕਰਦਾ ਹੈ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਦਿੱਲੀ ਮਾਡਲ ਨੂੰ ਸੂਬੇ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਤਰੱਕੀ ਦੇ ਸਾਰੇ ਮੌਕਿਆਂ ਤੱਕ ਸਾਰਿਆਂ ਦੀ ਬਰਾਬਰ ਪਹੁੰਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਹੀ ਇਹ ਸੰਭਵ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੋ ਫਗਵਾੜਾ ਤੋਂ ਉਮੀਦਵਾਰ ਹਨ, ਨੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਕੈਬਨਿਟ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋਗਿੰਦਰ ਸਿੰਘ ਮਾਨ ਦਾ ਇਹ ਸੁਪਨਾ ਉਦੋਂ ਤੱਕ ਸਾਕਾਰ ਹੋਣਾ ਸੰਭਵ ਨਹੀਂ ਜਦੋਂ ਤੱਕ ਲੋਕ ਇਸ ਨੇਕ ਕਾਰਜ ਲਈ ਉਨ੍ਹਾਂ ਦਾ ਸਾਥ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਫਗਵਾੜਾ ਵਾਸੀਆਂ ਨੂੰ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਹੱਲ ‘ਆਪ’ ਹੀ ਹੈ।