ਤੁਹਾਡੇ ਕਾਰਜਕਾਲ ਦੇ ਆਖਰੀ 60 ਦਿਨਾਂ ‘ਚ ਫਗਵਾੜਾ ਨੂੰ ਜ਼ਿਲਾ ਐਲਾਨਣ ਤੋਂ ਤੁਹਾਨੂੰ ਕਿਸ ਨੇ ਰੋਕਿਆ : ਮਾਨ ਨੇ ਚੰਨੀ ਨੂੰ ਸਵਾਲ ਕੀਤਾ
ਕਿਹਾ ਕਿ ਉਨ੍ਹਾਂ ਨੇ ਖੁਦ 6 ਅਤੇ 28 ਨਵੰਬਰ ਨੂੰ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਇਆ ਸੀ ਪਰ ਉਹ ਉਦਾਸੀਨ ਰਹੇ
ਫਗਵਾੜਾ, 26 ਜਨਵਰੀ 2022 : ਪੰਜਾਬ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਫਗਵਾੜਾ ਤੋਂ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਫਗਵਾੜਾ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਦੇਣ ਦਾ ਝੂਠਾ ਵਾਅਦਾ ਕਰਨ ਦੇ ਦੋਸ਼ ਲਾਉਂਦਿਆਂ ਆਲੋਚਨਾ ਕੀਤੀ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੂੰ ਆਪਣੇ ਕਾਰਜਕਾਲ ਦੇ ਆਖਰੀ 60 ਦਿਨਾਂ ਦੌਰਾਨ ਫਗਵਾੜਾ ਨੂੰ ਜ਼ਿਲ੍ਹਾ ਐਲਾਨਣ ਤੋਂ ਕਿਸ ਗੱਲ ਨੇ ਰੋਕਿਆ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਖੁਦ 6 ਨਵੰਬਰ ਨੂੰ ਭਗਵਾਨ ਵਿਸ਼ਵਕਰਮਾ ਮੰਦਰ ਅਤੇ ਫਿਰ 28 ਨਵੰਬਰ ਨੂੰ ਖਾਟੀ ਦੇ ਸ਼ਹਿਰ ਦੌਰੇ ਦੌਰਾਨ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਇਆ ਸੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ, ਬਾਅਦ ਵਿੱਚ ਉਨ੍ਹਾਂ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੋ ਵਾਰ ਇਹ ਮੁੱਦਾ ਉਠਾਇਆ ਸੀ।
ਹਾਲਾਂਕਿ ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਫਗਵਾੜਾ ਨੂੰ ਜ਼ਿਲ੍ਹਾ ਐਲਾਨਣ ਦੀ ਖੇਚਲ ਨਹੀਂ ਕੀਤੀ, ਜੋ ਕਿ ਫਗਵਾੜਾ ਦੇ ਲੋਕਾਂ ਦੀ ਚਿਰੋਕਣੀ ਮੰਗ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ ਉਦਾਸੀਨ ਰਵੱਈਏ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਪਾਰਟੀ ਨਾਲੋਂ ਪੰਜ ਦਹਾਕੇ ਪੁਰਾਣਾ ਨਾਤਾ ਤੋੜ ਲਿਆ ਹੈ। ਪਰ ਉਨ੍ਹਾਂ ਕਿਹਾ ਕਿ ਹੁਣ ਜਦੋਂ ਫਗਵਾੜਾ ਵਿੱਚ ਕਾਂਗਰਸ ਦੀ ਹਾਰ ਹੋ ਰਹੀ ਹੈ ਤਾਂ ਅਚਾਨਕ ਮੁੱਖ ਮੰਤਰੀ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਰ ਰਹੇ ਹਨ।
ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਦੱਸਣ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਇਹ ਪਿਆਰ ਕਿਉਂ ਨਹੀਂ ਵਧਿਆ। ਉਨ੍ਹਾਂ ਕਿਹਾ ਕਿ ਅਸਲ ਕਾਰਨ ਇਹ ਹੈ ਕਿ ਕਾਂਗਰਸ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਪ੍ਰਤੀ ਇਮਾਨਦਾਰ ਹੁੰਦੇ ਤਾਂ ਇਹ ਮੰਗ ਪਹਿਲਾਂ ਪੂਰੀ ਹੋ ਸਕਦੀ ਸੀ। ਉਨ੍ਹਾਂ ਫਗਵਾੜਾ ਦੇ ਵਿਧਾਇਕ ਵੱਲੋਂ ਕਾਂਗਰਸ ਦੇ ਰਾਜ ਦੌਰਾਨ ਫਗਵਾੜਾ ਨਾਲ ਸਬੰਧਤ ਅਹਿਮ ਮੁੱਦਿਆਂ ਬਾਰੇ ਚੁੱਪ ਰਹਿਣ ਦੀ ਵੀ ਆਲੋਚਨਾ ਕੀਤੀ।