ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਫਲਾਇੰਗ ਸਕੁਐਡ ਟੀਮਾਂ ਨੇ ਪ੍ਰਿੰਟਿੰਗ ਪ੍ਰੈਸ ਮਾਲਕਾਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਕਰਵਾਇਆ ਜਾਣੂ

0

ਐਮ.ਸੀ.ਐਮ.ਸੀ. ਤੋਂ ਕੰਟੈਂਟ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਕੋਈ ਸਿਆਸੀ ਇਸ਼ਤਿਹਾਰ ਜਾਂ ਪ੍ਰਚਾਰ ਸਮੱਗਰੀ ਨਹੀਂ ਕੀਤੀ ਜਾ ਸਕਦੀ ਪ੍ਰਕਾਸ਼ਿਤ

ਘਨਸ਼ਿਆਮ ਥੋਰੀ ਨੇ ਪ੍ਰਿੰਟਰਾਂ/ਪ੍ਰਕਾਸ਼ਕਾਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਜਲੰਧਰ, 21 ਜਨਵਰੀ 2022 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਫਲਾਇੰਗ ਸਕੁਐਡ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਪ੍ਰਕਾਸ਼ਕਾਂ ਅਤੇ ਪ੍ਰਿੰਟਰਾਂ ਦੀਆਂ ਦੁਕਾਨਾਂ ’ਤੇ ਜਾ ਕੇ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਸਿਆਸੀ ਪ੍ਰਚਾਰ ਸਮੱਗਰੀ ਛਾਪਣ ਸਬੰਧੀ ਹਦਾਇਤਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।

ਇਨ੍ਹਾਂ ਟੀਮਾਂ ਨੇ ਜਲੰਧਰ ਸ਼ਹਿਰੀ ਇਲਾਕਿਆਂ ਤੋਂ ਇਲਾਵਾ  ਫਿਲੌਰ, ਸ਼ਾਹਕੋਟ, ਨਕੋਦਰ, ਆਦਮਪੁਰ, ਜਲੰਧਰ ਕੈਂਟ ਅਤੇ ਕਰਤਾਰਪੁਰ ਵਿਖੇ ਪ੍ਰਿੰਟਰਾਂ/ਪ੍ਰਕਾਸ਼ਕਾਂ ਪਾਸ ਜਾ ਕੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੋਸਟਰਾਂ ਅਤੇ ਪੈਂਫਲੇਟਾਂ ਦੀ ਛਪਾਈ ਦਾ ਕਾਰੋਬਾਰ ਚਲਾਉਣ ਵਾਲੇ ਉੱਦਮੀਆਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪੈਂਫਲੇਟ, ਹੈਂਡਬਿਲ, ਪੋਸਟਰ ਆਦਿ ਸਮੇਤ ਚੋਣ ਪ੍ਰਚਾਰ ਸਮੱਗਰੀ ‘ਤੇ ਆਪਣਾ ਨਾਮ ਅਤੇ ਪਤਾ ਛਾਪਣਾ ਚਾਹੀਦਾ ਹੈ।

ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 127ਏ ਅਧੀਨ ਕਾਨੂੰਨੀ ਵਿਵਸਥਾਵਾਂ ਤਹਿਤ ਚੋਣ ਇਸ਼ਤਿਹਾਰ, ਪੈਂਫਲੇਟ ਅਤੇ ਪੋਸਟਰ ਆਦਿ ਦੇ ਪ੍ਰਕਾਸ਼ਕ ਲਈ ਪ੍ਰਕਾਸ਼ਕ ਦੇ ਨਾਲ-ਨਾਲ ਪ੍ਰਿੰਟਰ ਦਾ ਨਾਮ ਅਤੇ ਪਤਾ ਛਾਪਣਾ ਵੀ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ‘ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ  ਕਾਰਵਾਈ ਹੋ ਸਕਦੀ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਅਜਿਹੀ ਪ੍ਰਚਾਰ ਸਮੱਗਰੀ ਦੀ ਨਿਗਰਾਨੀ ਲਈ ਕੁਝ ਮਾਪਦੰਡ ਤੈਅ ਕੀਤੇ ਗਏ ਹਨ, ਜਿਨ੍ਹਾਂ ‘ਤੇ ਨਜ਼ਰ ਰੱਖਣ ਲਈ ਫਲਾਇੰਗ ਸਕੁਐਡ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਪ੍ਰਿੰਟਰਾਂ ਦੀਆਂ ਐਸੋਸੀਏਸ਼ਨਾਂ ਨਾਲ ਪਹਿਲਾਂ ਹੀ ਮੀਟਿੰਗ ਕੀਤੀ ਜਾ ਚੁੱਕੀ ਹੈ ਤਾਂ ਜੋ ਉਨ੍ਹਾਂ ਨੂੰ ਚੋਣਾਂ ਦੌਰਾਨ ਛਪਾਈ ਸਬੰਧੀ ਪ੍ਰਚਲਿਤ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ।

ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਤੋਂ ਪ੍ਰਵਾਨਗੀ ਲਏ ਬਿਨਾਂ ਕੋਈ ਸਿਆਸੀ ਇਸ਼ਤਿਹਾਰ ਨਹੀਂ ਕੀਤਾ ਜਾ ਸਕਦਾ ਪ੍ਰਕਾਸ਼ਿਤ :

ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੇਡ ਨਿਊਜ਼ ‘ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 14-ਏ ਵਿੱਚ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਸਥਾਪਨਾ ਕੀਤੀ ਹੈ, ਜਿਥੇ ਉਮੀਦਵਾਰ ਅਤੇ ਰਾਜਨੀਤਿਕ ਪਾਰਟੀਆਂ ਆਪਣੇ ਸਿਆਸੀ ਇਸ਼ਤਿਹਾਰ ਅਤੇ ਪ੍ਰਚਾਰ ਸਮੱਗਰੀ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਐਮ.ਸੀ.ਐਮ.ਸੀ. ਤੋਂ ਪ੍ਰਮਾਣਿਤ ਕਰਵਾ ਸਕਦੇ ਹਨ। ਕਮੇਟੀ ਵੱਲੋਂ ਪ੍ਰਿੰਟ/ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੇ ਸਾਰੇ ਸਿਆਸੀ ਇਸ਼ਤਿਹਾਰਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਪ੍ਰੀ-ਸਰਟੀਫਿਕੇਸ਼ਨ ਲਈ ਬਿਨੈ ਪ੍ਰਾਪਤ ਹੋਣ ਦੇ ਦੋ ਦਿਨਾਂ ਦੇ ਅੰਦਰ ਕਮੇਟੀ ਆਪਣਾ ਫੈਸਲਾ ਦੇਵੇਗੀ।

ਜਨਤਕ ਸਥਾਨਾਂ ‘ਤੇ ਸਿਆਸੀ ਇਸ਼ਤਿਹਾਰਾਂ ਦੇ ਸਾਰੇ ਆਡੀਓ-ਵਿਜੂਅਲ ਡਿਸਪਲੇਅ, ਪ੍ਰਚਾਰ ਸਮੱਗਰੀ ਵਿੱਚ ਬਲਕ ਐਸ.ਐਮ.ਐਸ./ਵਾਇਸ ਸੰਦੇਸ਼ਾਂ ਦੀ ਵਰਤੋਂ ਲਈ ਵੀ ਸਰਟੀਫਿਕੇਸ਼ਨ ਦੀ ਲੋੜ ਹੈ।

ਕਮਿਸ਼ਨ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਜਾਂ ਕਿਸੇ ਹੋਰ ਸੰਸਥਾ ਜਾਂ ਵਿਅਕਤੀ ਵੱਲੋਂ ਕੋਈ ਵੀ ਸਿਆਸੀ ਇਸ਼ਤਿਹਾਰ ਵੋਟਾਂ ਵਾਲੇ ਦਿਨ ਅਤੇ ਵੋਟਾਂ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਉੋਦੋਂ ਤੱਕ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ  ਸਿਆਸੀ ਇਸ਼ਤਿਹਾਰਾਂ ਦਾ ਕੰਟੈਂਟ ਐਮ.ਸੀ.ਐਮ.ਸੀ.ਤੋਂ ਪ੍ਰਵਾਨ ਨਹੀਂ ਕਰਵਾਇਆ ਜਾਂਦਾ।

About The Author

Leave a Reply

Your email address will not be published. Required fields are marked *

You may have missed