ਪੰਜਾਬ ਵਿਧਾਨ ਸਭਾ ਚੋਣਾਂ : ਪੰਜਾਬ ਪੁਲਿਸ ਵਲੋਂ ਸੰਵੇਦਨਸ਼ੀਲ ਖੇਤਰਾਂ ’ਚ ਗੈਰ-ਕਾਨੂੰਨੀ ਗਤੀਵਿਧੀਆਂ ਤੇ ਤਿੱਖੀ ਨਜ਼ਰ ਰੱਖਣ ਲਈ ਕੀਤੀ ਜਾ ਰਹੀ ਹੈ ਡਰੋਨ ਦੀ ਵਰਤੋਂ ,ਚਲਾਏ ਜਾ ਰਹੇ ਹਨ ਕੌਂਬਿੰਗ ਆਪ੍ਰੇਸ਼ਨ

0

ਚੰਡੀਗੜ, 17 ਜਨਵਰੀ 2022 :  ਸੂਬੇ ਵਿੱਚ ਨਿਰਪੱਖ, ਪਾਰਦਰਸ਼ੀ ਅਤੇ ਲਾਲਚ ਮੁਕਤ ਵਿਧਾਨ ਸਭਾ ਚੋਣਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਖਾਸ ਤੌਰ ‘ਤੇ ਸਰਹੱਦੀ ਜ਼ਿਲਿਆਂ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲਗਦੇ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਵਿੱਚ ਹੋਰ ਤੇਜੀ ਲਿਆਂਦੀ ਹੈ ਤਾਂ ਜੋ ਸ਼ੱਕੀ/ਸੰਵੇਦਨਸ਼ੀਲ ਖੇਤਰਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਸਕੇ । ਇਸ ਕਾਰਵਾਈ ਵਿੱਚ ਬੀਐਸਐਫ , ਪੀਏਪੀ, ਸੀਆਈਡੀ ਯੂਨਿਟਾਂ, ਵਿਸ਼ੇਸ਼ ਸ਼ਾਖਾ, ਆਬਕਾਰੀ ਅਤੇ ਕਰ ਵਿਭਾਗ ਅਤੇ ਡੌਗ ਸਕੁਐਡ ਅਤੇ ਐਂਟੀ ਸਾਬੋਤਾਜ ਟੀਮਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ -ਕਮ-ਸਟੇਟ ਪੁਲਿਸ ਨੋਡਲ ਅਫਸਰ (ਐਸ.ਪੀ.ਐਨ.ਓ) ਈਸ਼ਵਰ ਸਿੰਘ ਨੇ ਦੱਸਿਆ ਕਿ ਰਵਾਇਤੀ ਤਲਾਸ਼ੀ ਅਭਿਆਨ ਚਲਾਉਣ ਤੋਂ ਇਲਾਵਾ, ਪੰਜਾਬ ਪੁਲਿਸ ਵੱਲੋਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਨਾਲ-ਲਗਦੇ ਔਖੀ ਪਹੁੰਚ ਵਾਲੇ ਮੰਡ ਦੇ ਖੇਤਰਾਂ ਨੂੰ ਕਵਰ ਕਰਨ ਲਈ ਹਵਾਈ ਸਰਵੇਖਣ ਕਰਨ ਲਈ ਡਰੋਨਾਂ ਦੀ ਤਾਇਨਾਤੀ ਕਰਕੇ ਤਕਨਾਲੋਜੀ ਅਧਾਰਤ ਪੁਲਿਸਿੰਗ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਥਾਵਾਂ ਜਿਵੇਂ ਕੱਚੀਆਂ ਸੜਕਾਂ (ਪਗਡੰਡੀ), ਟਿਊਬਵੈੱਲ, ਤਾਜੇ ਪੁੱਟੇ ਗਏ ਖੇਤਰ, ਖੇਤਾਂ ਵਿਚਲੇ ਪੱਧਰ ਕੀਤੀਆਂ ਥਾਵਾਂ, ਪਿੰਡਾਂ ਦੇ ਬਾਹਰ ਸਥਿਤ ਡੇਰੇ/ਗੁਜਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਡੀਜੀਪੀ ਪੰਜਾਬ ਨੇ ਸ਼ਨੀਵਾਰ ਨੂੰ ਐਸ.ਪੀ.ਐਨ.ਓ ਦੇ ਨਾਲ ਰਾਜ ਦੇ ਸੀਪੀਜ਼/ਐਸਐਸਪੀਜ, ਨਾਲ ਲੱਗਦੇ ਵੱਖ ਵੱਖ ਰਾਜਾਂ ਦੀ ਪੁਲਿਸ ਅਤੇ ਖੁਫੀਆ ਏਜੰਸੀਆਂ ਨਾਲ ਸੂਬੇ ਵਿੱਚ ਨਸ਼ਿਆਂ ਦੀ ਆਮਦ ਨੂੰ ਰੋਕਣ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ । ਮੀਟਿੰਗ ਦੌਰਾਨ ਡੀਜੀਪੀ ਨੇ ਰਾਜ ਦੇ ਸਾਰੇ ਸੀਪੀਜ/ਐਸਐਸਪੀਜ਼ ਨੂੰ ਚੋਣਾਂ ਦੇ ਮੱਦੇਨਜ਼ਰ ਨਸ਼ਿਆਂ ਅਤੇ ਲੁੱਟ-ਖੋਹ ਪ੍ਰਤੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਸਨ।

ਐਸ.ਪੀ.ਐਨ.ਓ ਈਸ਼ਵਰ ਸਿੰਘ ਨੇ ਕਿਹਾ ਕਿ ਮੀਟਿੰਗ ਰਾਹੀਂ ਪੂਰੀ ਪੁਲਿਸ ਇੱਕਜੁਟ ਹੋ ਗਈ ਹੈ ਅਤੇ ਸੂਬੇ ਵਿੱਚ ਨਜਾਇਜ਼ ਸ਼ਰਾਬ ਅਤੇ ਨਸ਼ਿਆਂ ਦੀ ਬਰਾਮਦਗੀ ਦੇ ਨਾਲ ਇਹ ਚੰਗਾ ਤਾਲਮੇਲ ਪਹਿਲਾਂ ਹੀ ਦਿਖਾਈ ਦੇ ਰਿਹਾ ਹੈ।

ਉਨਾਂ ਕਿਹਾ ਕਿ ਹਰੇਕ ਜ਼ਿਲੇ ਵਿੱਚ ਸਾਂਝੀਆਂ ਟਾਸਕ ਫੋਰਸਾਂ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਚੋਣਾਂ ਦੌਰਾਨ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਸੋਮਵਾਰ ਨੂੰ ਹੀ ਅੰਮਿ੍ਰਤਸਰ ਦਿਹਾਤੀ ਪੁਲਿਸ ਨੇ 1100 ਕਿਲੋ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਬਟਾਲਾ ਪੁਲਿਸ ਨੇ ਛਾਪੇਮਾਰੀ ਦੌਰਾਨ 620 ਕਿਲੋ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

About The Author

Leave a Reply

Your email address will not be published. Required fields are marked *