ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 40.31 ਕਰੋੜ ਦੀਆਂ ਵਸਤਾਂ ਜ਼ਬਤ
ਚੰਡੀਗੜ, 15 ਜਨਵਰੀ 2022 : ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ ਮਿਤੀ 14 ਜਨਵਰੀ 2022 ਤੱਕ ਕੁਲ 40.31 ਕਰੋੜ ਦੀਆਂ ਵਸਤਾਂ ਅਤੇ ਨਗਦੀ ਜ਼ਬਤ ਕੀਤੀ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ ਵੱਖ ਸਰਵਾਈਲੈਂਸ ਟੀਮਾਂ ਵੱਲੋਂ 2.72 ਲੱਖ ਲੀਟਰ ਸ਼ਰਾਬ ਫੜੀ ਗਈ ਹੈ ਜਿਸ ਦੀ ਕੀਮਤ 81 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਸੂਬੇ ਵਿੱਚ ਨਸ਼ੀਲੇ ਪਦਾਰਥ ਵੀ ਫੜ੍ਹੇ ਗਏ ਹਨ, ਜਿਨ੍ਹਾਂ ਦੀ ਕੀਮਤ 38.93 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 14 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਜਬਤ ਕੀਤੀ ਗਈ ਹੈ।
ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜਰ ਰਾਜ ਵਿੱਚ 1064 ਸੰਵੇਦਨਸ਼ੀਲ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 2222 ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਹੈ ਜੋ ਕਿ ਅਮਨ ਅਮਾਨ ਵਿਚ ਖਲਲ ਪਾ ਸਕਦੇ ਹਨ, ਜਿਨ੍ਹਾਂ ਵਿਚੋਂ 894 ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 3692 ਨਾਕੇ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਕਾਰਵਾਈ ਕਰਦਿਆਂ 118 ਲੋਕਾਂ ਖ਼ਿਲਾਫ਼ ਅਹਿਤਿਆਤਨ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਸੂਬੇ ਵਿੱਚ ਇਸ ਸਮੇਂ 2064 ਗ਼ੈਰ ਜ਼ਮਾਨਤੀ ਵਾਰੰਟ ਦੇ ਮਾਮਲਿਆਂ ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ ਬਾਕੀ 239 ਖ਼ਿਲਾਫ਼ ਕਾਰਵਾਈ ਜਾਰੀ ਹੈ। ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 323102 ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁਕੇ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 20 ਗ਼ੈਰ ਲਾਈਸੈਂਸੀ ਹਥਿਆਰ ਫੜ੍ਹੇ ਗਏ ਹਨ।
ਡਾ. ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਚੋਣ ਅਮਲ ਵਿੱਚ ਡਿਊਟੀਆਂ ਨਿਭਾਉਣ ਵਾਲੇ ਅਮਲੇ ਦੇ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲੀ ਡੋਜ਼ 84.3% ਲੱਗ ਚੁੱਕੀ ਹੈ, ਜਦਕਿ ਦੂਸਰੀ ਡੋਜ਼ 49.9% ਮੁਲਾਜ਼ਮਾਂ ਨੂੰ ਲੱਗ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਆਰਦਸ਼ ਚੋਣ ਜ਼ਾਬਤਾ ਲਾਗੂ ਹੋਣ ਤੇ ਵੱਖ ਵੱਖ ਟੀਮਾਂ ਵੱਲੋਂ 53610 ਸਰਕਾਰੀ ਥਾਵਾਂ ਅਤੇ 14911 ਨਿੱਜੀ ਥਾਵਾਂ ਤੋਂ ਬੈਨਰ ਪੋਸਟਰ ਅਤੇ ਦੀਵਾਰੀ ਇਸ਼ਤਿਹਾਰ ਹਟਾਏ ਗਏ ਹਨ।