ਅਦਾਕਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਚ ਸ਼ਾਮਲ, ਮੋਗਾ ਤੋਂ ਹੋਵੇਗੀ ਪਾਰਟੀ ਉਮੀਦਵਾਰ
ਮੋਗਾ, 10 ਜਨਵਰੀ 2022 : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਛੋਟੀ ਭੈਣ ਮਾਲਵਿਕਾ ਸੂਦ ਅੱਜ ਰਸਮੀ ਤੌਰ ’ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਈ।
ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਸ: ਨਵਜੋਤ ਸਿੰਘ ਸਿੱਧੂ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਮੋਗਾ ਸਥਿਤ ਉਨ੍ਹਾਂ ਦੇ ਘਰ ਵਿਖ਼ੇ ਪੁੱਜੇ ਜਿੱਥੇ ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਜ਼ਿਕਰਯੋਗ ਹੈ ਕਿ ਭਾਵੇਂ ਸੋਨੂੰ ਸੂਦ ਆਪਣੇ ਘਰ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਨੇ ਸ: ਚੰਨੀ ਅਤੇ ਸ: ਸਿੱਧੂ ਦਾ ਆਪਣੇ ਘਰ ਪੁੱਜਣ ’ਤੇ ਸਵਾਗਤ ਕੀਤਾ ਪਰ ਮਾਲਵਿਕਾ ਸੂਦ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਸੰਬੰਧੀ ਕੀਤੇ ਪੱਤਰਕਾਰ ਸੰਮੇਲਨ ਤੋਂ ਉਨ੍ਹਾਂ ਨੇ ਆਪਣੇ ਆਪ ਨੂੰ ਲਾਂਭੇ ਰੱਖ਼ਿਆ।
ਮੁੱਖ ਮੰਤਰੀ ਚੰਨੀ ਨੇ ਸਪਸ਼ਟ ਸੰਕੇਤ ਦਿੱਤੇ ਕਿ ਮਾਲਵਿਕਾ ਸੂਦ ਹੀ ਮੋਗਾ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਮੋਗਾ ਦੇ ਵਿਧਾਇਕ ਸ੍ਰੀ ਹਰਜੋਤ ਕਮਲ ਦੀ ਨਾਰਾਜ਼ਗੀ ਅਤੇ ਉਨ੍ਹਾਂ ਵੱਲੋਂ ਅਪਨਾਏ ਜਾ ਰਹੇ ਬਾਗੀ ਸੁਰਾਂ ਬਾਰੇ ਪੁੱਛਿਆਂ ਸ: ਚੰਨੀ ਨੇ ਕਿਹਾ ਕਿ ਸ੍ਰੀ ਹਰਜੋਤ ਕਮਲ ਇਕ ਹੋਣਹਾਰ ਆਗੂ ਹਨ ਅਤੇ ਉਹ ਉਨ੍ਹਾਂ ਨਾਲ ਇਹ ਮਾਮਲਾ ਸੁਲਝਾ ਲੈਣਗੇ। ਉਹਨਾਂ ਕਿਹਾ ਹਰਜੋਤ ਕਮਲ ਨੂੰ ਪਾਰਟੀ ਵਲੋਂ ਕਿੱਤੇ ਹੋਰ ਅਡਜਸਟ ਕਰ ਲਿਆ ਜਾਵੇਗਾ ।