ਪੰਚਮਾੜੀ ਸਮਝੌਤੇ ਤੋਂ ਹੱਟ ਕੇ ਮੌਕਾ ਪ੍ਰਸਤਾਂ, ਪੈਸੇ ਦੇ ਲਾਲਚੀਆਂ ਅਤੇ ਅਫ਼ਸਰਾਂ ਨੂੰ ਅੱਗੇ ਲਿਆਉਣਾ ਪਾਰਟੀ ਲਈ ਨੁਕਸਾਨਦੇਹ ਸਾਬਿਤ ਹੋਵੇਗਾ- ਜੋਗਿੰਦਰ ਮਾਨ ਨੇ ਸੋਨੀਆਂ ਗਾਂਧੀ ਨੂੰ ਚੇਤਾਇਆ
ਅਤਿਵਾਦ ਪ੍ਰਭਾਵਿਤ ਪਰਿਵਾਰਾਂ ਨੁੂੰ ਅਣਗੌਲਿਆਂ ਕਰਨ ’ਤੇ ਹੈਰਾਨੀ ਦਾ ਪ੍ਰਗਟਾਵਾ
ਫਗਵਾੜਾ,10 ਜਨਵਰੀ 2022 : ਸਾਬਕਾ ਮੰਤਰੀ ਪੰਜਾਬ ਅਤੇ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਸ੍ਰ.ਜੋਗਿੰਦਰ ਸਿੰਘ ਮਾਨ ਨੇ ਅੱਜ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਦੱਸਿਆ ਕਿ ਮੰਚਮਾੜੀ ਸਮਝੌਤੇ ਨੂੰ ਅਣਗੌਲਿਆਂ ਕਰਕੇ ਮੌਕਾ ਪ੍ਰਸਤਾਂ, ਪੈਸੇ ਦੇ ਲਾਲਚੀਆਂ ਨੂੰ ਅੱਗੇ ਲਿਆਉਣਾ ਕਾਂਗਰਸ ਪਾਰਟੀ ਲਈ ਘਾਤਕ ਸਿੱਧ ਹੋਵੇਗਾ।
ਸ੍ਰੀਮਤੀ ਸੋਨੀਆਂ ਗਾਂਧੀ ਨੂੰ ਲਿਖੇ ਪੱਤਰ ਵਿੱਚ ਸ੍ਰ.ਮਾਨ ਨੇ ਕਿਹਾ ਕਿ ਉਹ ਉਨਾਂ ਨੂੰ ਅਜਿਹਾ ਖੱਤ ਲਿਖਣ ਲਈ ਮਜ਼ਬੂਤ ਹਨ ਅਤੇ ਉਨਾਂ ਨੇ ਆਪਣੇ 50 ਸਾਲ ਦੇ ਸਫ਼ਰ ਦੌਰਾਨ ਇਹ ਕਦੇ ਨਹੀਂ ਸੋਚਿਆ ਸੀ ਕਿ ਉਨਾਂ ਨੂੰ ਅਜਿਹਾ ਖੱਤ ਕਾਂਗਰਸ ਪ੍ਰਧਾਨ ਨੂੰ ਲਿਖਣਾ ਪੈ ਜਾਵੇਗਾ। ਉਨਾਂ ਕਿਹਾ ਕਿ ਉਨਾਂ ਕੋਲ ਹੋਰ ਕੋਈ ਵਿਕਲਪ ਨਹੀਂ ਬੱਚਿਆ ਜਦਕਿ ਪਾਰਟੀ ਵਿੱਚ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਅੱਗੇ ਲਿਆਉਣ ਅਤੇ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਜਿਨਾਂ ਲੋਕਾਂ ਨੂੰ ਪਾਰਟੀ ਨੂੰ ਆਪਣੇ ਖੂਨ ਪਸੀਨੇ ਅਤੇ ਸਖ਼ਤ ਮਿਹਨਤ ਨਾਲ ਮਜ਼ਬੂਤ ਕੀਤਾ ਹੈ ਉਨਾਂ ਦੀ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ।
ਉਨਾਂ ਦੱਸਿਆ ਕ ਸ੍ਰੀਮਤੀ ਗਾਂਧੀ ਵਿਸ਼ਵ ਭਰਗ ਵਿੱਚ ਗਾਂਧੀ ਪਰਿਵਾਰ ਦੀ ਨੂੰਹ ਵਜੋਂ ਜਾਣੇ ਜਾਂਦੇ ਹਨ ਜਿਸ ਕਰਕੇ ਪਾਰਟੀ ਦੇ ਸਾਰੇ ਆਗੂ ਉਨਾਂ ਦੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਸ੍ਰੀ ਰਾਜੀਵ ਗਾਂਧੀ ਦੀ ਤਰਾਂ ਹੀ ਪਿਆਰ ਅਤੇ ਸਤਿਕਾਰ ਕਰਦੇ ਹਨ ਜਿਨਾ ਨੇ ਦੇਸ਼ ਦੀ ਏਕਤਾ ,ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣੀਆਂ ਜਿੰਦੜੀਆਂ ਵਾਰ ਦਿੱਤੀਆਂ।
ਉਨਾਂ ਕਿਹਾ ਕਿ ਇਹ ਬੜਾ ਮੰਦਭਾਗਾ ਹੈ ਕਿ ਸ੍ਰੀਮਤੀ ਗਾਂਧੀ ਦੀ ਅਗਵਾਈ ਵਿੱਚ ਪਾਰਟੀ ਅਜਿਹੇ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਜਿਨਾਂ ਪਰਿਵਾਰਾਂ ਨੇ ਅਤਿਵਾਰ ਖਿਲਾਫ਼ ਲੜਾਈ ਲੜੀ ਹੈ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਸ੍ਰ.ਮਾਨ ਨੇ ਕਿਹਾ ਕਿ ਉਨਾਂ ਦੇ ਪਾਰਟੀ ਨਾਲ 50 ਸਾਲ ਤੋਂ ਜੁੜੇ ਹੋਣ ’ਤੇ ਉਨਾਂ ਵਲੋਂ ਵੱਖ-ਵੱਖ ਅਹੁਦਿਆਂ ਜਿਵੇਂ ਕਿ ਫਗਵਾੜਾ ਤੋਂ ਤਿੰਨ ਵਾਰ ਵਿਧਾਇਕ ਅਤੇ ਪੰਜਾਬ ਮੰਤਰੀ ਮੰਡਲ ਵਿੱਚ ਮੰਤਰੀ ਹੋਣ ਦੇ ਨਾਤੇ ਪਾਰਟੀ ਦੀ ਸੇਵਾ ਕਰਨ ਤੋਂ ਇਲਾਵਾ ਇਲਾਵਾ ਐਮਰਜੰਸੀ ਸਮੇਂ ਅਤੇ ਪੰਜਾਬ ਦੇ ਵੱਖ-ਵੱਖ ਲੋਕ ਅੰਦੋਲਨਾਂ ਦੌਰਾਨ ਉਹ ਜੇਲ ਵੀ ਕੱਟ ਚੁੱਕੇ ਹਨ।
ਉਨਾਂ ਕਿਹਾ ਕਿ ਉਨਾਂ ਦੇ ਚਾਚਾ ਸਵ : ਸ੍ਰ.ਬੂਟਾ ਸਿੰਘ ਜੀ ਜਿਨਾਂ ਪਾਰਟੀ ਦੇ ਥੰਮ ਦਾ ਖਿਤਾਬ ਦਿੱਤਾ ਗਿਆ ਸੀ ਉਨਾ ਨੂੰ ਪਾਰਟੀ ਵਿੱਚ ਲੈ ਕੇ ਆਏ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਅਤਿਵਾਦ ਦੇ ਕਾਲੇ ਦਿਨਾਂ ਦੇ ਦੌਰਾਨ ਉਨਾਂ ਦੇ ਪਰਿਵਾਰ ਦੇ ਘੱਟੋ-ਘੱਟ ਅੱਠ ਮੈਂਬਰਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਉਨਾਂ ਹੈਰਾਨੀ ਪ੍ਰਗਟਾਈ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਸਮਰਪਿਤ ਪਾਰਟੀ ਪ੍ਰਤੀ ਵਚਨਬੱਧ ਲੋਕਾਂ ਦੀ ਜਰੂਰਤ ਨਹੀਂ ਰਹੀ ਅਤੇ ਉਹ ਫਗਵਾੜਾ ਵਿਧਾਨ ਸਭਾ ਹਲਕੇ ਦੀ 1980 ਤੋਂ ਦੇਖਭਾਲ ਕਰਦੇ ਆ ਰਹੇ ਹਨ ਅਤੇ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਜਦੋਂ ਸਮਰਪਿਤ ਅਤੇ ਲਗਨ ਵਾਲੇ ਵਰਕਰਾਂ ਨੂੰ ਤਰਜੀਹ ਦੇਣ ਤੋਂ ਇਲਾਵਾ ਪਾਰਟੀ ਮੌਕਾਪ੍ਰਸਤ , ਪੈਸੇ ਦੇ ਲਾਲਚੀਆਂ , ਬਾਹਰੋਂ ਆਏ ਉਮੀਦਵਾਰਾਂ ਨੂੰ ਅਗੇ ਲਿਆਉਣ ਲਈ ਪਾਰਟੀ ਵਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ ਜਿਨਾਂ ਦਾ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸ੍ਰੀਮਤੀ ਗਾਂਧੀ ਦੀ ਵਿਚਾਰਧਾਰਾ ਨਾਲ ਕੋਈ ਵਾਸਤਾ ਨਹੀਂ ਹੈ। ਉਨਾਂ ਕਿਹਾ ਕਿ ਅਜਿਹੇ ਲੋਕਾਂ ਦਾ ਸਿਰਫ਼ ਇਕੋ-ਇਕ ਮਕਸਦ ਕਿਸੇ ਵੀ ਤਰਾਂ ਨਾਲ ਸੱਤਾ ’ਤੇ ਕਾਬਜ ਹੋਣਾ ਹੈ।
ਸ੍ਰ.ਮਾਨ ਨੇ ਸ੍ਰੀਮਤੀ ਸੋਨੀਆਂ ਗਾਂਧੀ ਨੂੰ ਚੇਤਾਇਆ ਕਿ ਇਸ ਨੂੰ ਤੁਰੰਤ ਰੋਕਣ ਦੀ ਲੋੜ ਹੈ ਨਹੀਂ ਤਾਂ ਪਾਰਟੀ ਕਦੇ ਵੀ ਹੋਰ ਪਾਰਟੀਆਂ ਜਿਵੇਂ ਬੀ.ਜੇ.ਪੀ., ਅਕਾਲੀ ਦਲ ਅਤੇ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਮੁਕਾਬਲੇ ਵੀ ਨਹੀਂ ਕਰ ਸਕੇਗੀ। ਉਨਾਂ ਹੈਰਾਨੀ ਪ੍ਰਗਟਾਈ ਕਿ ਪੰਚਮਾੜੀ ਸਮਝੌਤਾ ਜਿਸ ਦਾ ਸਾਲ 2004 ਵਿੱਚ ਕਾਂਗਰਸ ਪਾਰਟੀ ਦੀ ਮੁੜ ਸੁਰਜੀਤੀ ਲਈ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਗਿਆ ਸੀ ਨੂੰ ਦਰ ਕਿਨਾਰ ਕਰਦੇ ਹੋਏ ਜਿੱਤਣ ਦੀ ਸੰਭਾਵਨਾ ਦਾ ਨਾਮ ਦੇ ਕੇ ਮੌਕਾਪ੍ਰਸਤਾਂ, ਪੈਸੇ ਦੇ ਲਾਲਚੀਆਂ, ਅਫ਼ਸਰਾਂ ਅਤੇ ਪੈਰਾਸ਼ੂਟ ਰਾਹੀਂ ਬਾਹਰੋਂ ਆਏ ਉਮੀਦਵਾਰਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿਸੇ ਵੀ ਸਮੇਂ ਅਪਣਾ ਮਤਲਬ ਨਿਕਲ ਜਾਣ ਤੋਂ ਬਾਅਦ ਪਾਰਟੀ ਨੂੰ ਛੱਡ ਸਕਦੇ ਹਨ।
ਉਨਾਂ ਕਿਹਾ ਕਿ ਇਸ ਨੂੰ ਤੁਰੰਤ ਰੋਕਣ ਦੀ ਜਰੂਰਤ ਹੈ ਨਹੀਂ ਤਾਂ ਸਾਨੂੰ ਆਉਣ ਵਾਲੇ ਸਮੇਂ ਵਿੱਚ ਚੋਣਾ ਲੜਨ ਲਈ ਬੂਥਾਂ ਦਾ ਪ੍ਰਬੰਧ ਕਰਨ ਲਈ ਵਰਕਰ ਮਿਲਣੇ ਵੀ ਔਖੇ ਹੋ ਜਾਣਗੇ। ਉਨਾਂ ਕਿਹਾ ਕਿ ਉਨਾਂ ਦੀ ਨਿਮਰਤਾ ਸਹਿਤ ਬੇਨਤੀ ਹੈ ਕਿ ਮੌਕਾ ਪ੍ਰਸਤਾਂ, ਪੈਸੇ ਦੇ ਲਾਲਚੀਆਂ ਅਤੇ ਅਫ਼ਸਰਾਂ ਨੂੰ ਅੱਗੇ ਲਿਆਉਣ ਨਾਲ ਪਾਰਟੀ ਦਾ ਭਲਾ ਨਹੀਂ ਹੋਣਾ ਸਗੋਂ ਇਹ ਪਾਰਟੀ ਲਈ ਬਹੁਤ ਹੀ ਨੁਕਸਾਨ ਦਾਇਕ ਸਿੱਧ ਹੋਣਗੇ।