ਜ਼ਿਲ੍ਹੇ ’ਚ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਬਣਾਇਆ ਜਾਵੇਗਾ ਯਕੀਨੀ : ਅਪਨੀਤ ਰਿਆਤ

0

-ਜ਼ਿਲ੍ਹਾ ਚੋਣ ਅਫ਼ਸਰ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਆਪਣੀਆਂ ਇਮਾਰਤਾਂ ਤੋਂ 24 ਘੰਟੇ ਅੰਦਰ ਰਾਜਨੀਤਿਕ ਦਲਾਂ ਦੇ ਹੋਰਡਿੰਗਜ਼, ਪੋਸਟਰ, ਬੈਨਰ ਤੇ ਫਲੈਕਸ ਉਤਾਰਨ ਦੀ ਕੀਤੀ ਹਦਾਇਤ

-ਐਮ.ਸੀ.ਐਮ.ਸੀ., ਕੰਟਰੋਲ ਰੂਮ, ਸੀ-ਵਿਜ਼ਿਲ ਤੇ ਸ਼ਿਕਾਇਤ ਸੈਲ ਦਾ ਦੌਰਾ ਕਰਕੇ ਅਧਿਕਾਰੀਆਂ ਤੇ ਕਰਮਚਾਰੀਆ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਨ ਦੇ ਦਿੱਤੇ ਨਿਰਦੇਸ਼

-ਕਿਹਾ, ਵਿਧਾਨ ਸਭਾ ਚੋਣਾਂ ਲਈ 21 ਤੋਂ 28 ਜਨਵਰੀ ਤੱਕ ਨਾਮਜ਼ਦਗੀ, 14 ਫਰਵਰੀ ਨੂੰ ਵੋਟਿੰਗ ਤੇ 10 ਮਾਰਚ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਹੁਸ਼ਿਆਰਪੁਰ, 8 ਜਨਵਰੀ 2022 : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਵਿਧਾਨ ਸਭਾ ਚੋਣਾਂ ਦਾ ਸ਼ਡਿਊਲ ਜਾਰੀ ਕਰਨ ਤੋਂ ਬਾਅਦ ਜ਼ਿਲ੍ਹੇ ਵਿਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਪਨਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਜਾਰੀ ਸ਼ਡਿਊਲ ਅਨੁਸਾਰ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ 21 ਜਨਵਰੀ ਤੋਂ ਸ਼ੁਰੂ ਕੀਤੇ ਜਾਣਗੇ ਅਤੇ ਨਾਜ਼ਦਗੀ ਦੀ ਅੰਤਮ ਮਿਤੀ 28 ਜਨਵਰੀ ਹੈ। ਨਾਮਜ਼ਦਗੀ ਦੀ ਪੜਤਾਲ 29 ਜਨਵਰੀ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਵਾਪਸ ਲੈਣ ਦੀ ਅੰਤਮ ਮਿਤੀ 31 ਜਨਵਰੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਵੋਟਾਂ 14 ਫਰਵਰੀ ਨੂੰ ਹਨ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਚੇਅਰਪਰਸਨ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਕਮੇਟੀ ਅਪਨੀਤ ਰਿਆਤ ਨੇ ਇਸ ਦੌਰਾਨ ਜਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਟ ਐਂਡ ਮਾਨੀਟਰਿੰਗ ਕਮੇਟੀ (ਐਮ.ਸੀ.ਐਮ.ਸੀ.) ਦੇ ਰੂਮ ਦਾ ਦੌਰਾ ਕਰਕੇ ਕੰਮਕਾਜ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸੰਦੀਪ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਮੇਟੀ ਨੂੰ ਨਿਰਦੇਸ਼ ਦਿੱਤੇ ਕਿ ਚੋਣਾਂ ਦੌਰਾਨ ਉਹ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਅਤੇ ਪੇਡ ਨਿਊਜ਼ ਦੇ ਮਾਮਲਿਆਂ ਵਿਚ ਤੁਰੰਤ  ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਣ। ਇਸ ਦੌਰਾਨ ਉਨ੍ਹਾਂ ਸ਼ਿਕਾਇਤ ਸੈਲ, ਕੰਟਰੋਲ ਰੂਮ ਤੇ ਸੀ-ਵਿਜ਼ਿਲ ਰੂਮ ਦਾ ਵੀ ਦੌਰਾ ਕਰਕੇ ਉਨ੍ਹਾਂ ਦੇ ਕੰਮ ਦੀ ਸਮੀਖਿਆ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੁਚਾਰੂ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਚੋਣ ਅਮਲੇ ਦੀ ਕਈ ਪੜਾਵਾਂ ਵਿਚ ਟਰੇਨਿੰਗ ਕਰਵਾਈ ਜਾ ਚੁੱਕੀ ਹੈ। ਡਿਫੇਸਮੈਂਟ ਆਫ਼ ਪਬਲਿਕ ਪ੍ਰਾਪਰਟੀ ਐਕਟ ਤਹਿਤ ਉਨ੍ਹਾਂ ਨੇ ਸਾਰੇ ਵਿਭਾਗਾਂ ਨੁੰ ਹਦਾਇਤ ਕਰਦਿਆਂ ਕਿਹਾ ਕਿ ਉਹ ਸਰਕਾਰੀ ਇਮਾਰਤਾਂ ਤੋਂ 24 ਘੰਟੇ ਦੇ ਅੰਦਰ ਰਾਜਨੀਤਿਕ ਹੋਰਡਿੰਗਜ਼, ਵਾਲ ਰਾਈਟਿੰਗ, ਪੋਸਟਰ, ਕਟ ਆਊਟ, ਬੈਨਰ, ਝੰਡੇ ਹਟਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਚੋਣਾਂ ਦੀ ਘੋਸ਼ਣਾ ਤੋਂ ਬਾਅਦ ਜ਼ਿਲ੍ਹੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਂਦਾ ਹੈ, ਇਸ ਲਈ ਸਾਰੇ ਸਰਕਾਰੀ ਅਧਿਕਾਰੀ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਦਫ਼ਤਰਾਂ ਵਿਚ ਕੋਈ ਵੀ ਇਸ ਤਰ੍ਹਾਂ ਦੀ ਫੋਟੋ, ਸਟੀਕਰ, ਬੈਨਰ, ਝੰਡਾ ਆਦਿ ਨਾ ਹੋਵੇ ਜਿਸ ਵਿਚ ਕਿਸੇ ਰਾਜਨੀਤਿਕ ਦਲ ਦੇ ਨੇਤਾ ਦੀ ਫੋਟੋ ਆਦਿ ਲੱਗੀ ਹੋਵੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਬਲਿਕ ਪ੍ਰਾਪਰਟੀ ਜਿਸ ਵਿਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਏਅਰਪੋਰਟ, ਰੇਲਵੇ ਪੁੱਲ, ਰੋਡਵੇਜ਼, ਸਰਕਾਰੀ ਬੱਸਾਂ, ਬਿਜਲੀ ਤੇ ਟੈਲੀਫੋਨ ਦੇ ਖੰਭਿਆਂ, ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਇਮਾਰਤਾਂ ਆਦਿ ਸ਼ਾਮਲ ਹਨ, ਤੋਂ ਵੀ 48 ਘੰਟੇ ਅੰਦਰ ਰਾਜਨੀਤਿਕ ਹੋਰਡਿੰਗਜ਼, ਵਾਲ ਰਾਈਟਿੰਗ, ਪੋਸਟਰ, ਕਟ ਆਊਟ, ਬੈਨਰ, ਝੰਡੇ ਹਟਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਨਿਸ਼ਚਿਤ ਸਮੇਂ ਤੋਂ ਬਾਅਦ ਜੇਕਰ ਕੋਈ ਮਾਮਲਾ ਧਿਆਨ ਵਿਚ ਆਉਂਦਾ ਹੈ ਤਾਂ ਸਬੰਧਤ ਵਿਭਾਗ ਦੇ ਖਿਲਾਫ਼ ਡਿਫੇਸਮੈਂਟ ਆਫ਼ ਪਬਲਿਕ ਪ੍ਰਾਪਰਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਘਰਾਂ ਵਿਚ ਵੀ ਘਰ ਦੇ ਮਾਲਕ ਦੀ ਲਿਖਤੀ ਮਨਜ਼ੂਰੀ ਤੋਂ ਬਿਨ੍ਹਾਂ ਕੋਈ ਰਾਜਨੀਤਿਕ ਹੋਰਡਿੰਗਜ਼, ਪੋਸਟਰ, ਬੈਨਰ ਤੇ ਫਲੈਕਸ ਆਦਿ ਨਹੀਂ ਲਗਾਏ ਜਾ ਸਕਦੇ।

ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ’ਤੇ ਚਲ ਰਹੀਆਂ ਵੱਖ-ਵੱਖ ਸਕੀਮਾਂ ਤੋਂ ਇਲਾਵਾ ਕੋਈ ਵੀ ਨਵੀਂ ਸਕੀਮ ਜਾਂ ਪ੍ਰੋਜੈਕਟ ਵੀ ਸ਼ੁਰੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਨੂੰ ਲਾਗੁ ਕਰਵਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਯਕੀਨੀ ਬਣਾਉਣ। ਇਸ ਦੌਰਾਨ ਤਹਿਸੀਲਦਾਰ ਚੋਣਾਂ ਹਰਮਿੰਦਰ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਕਾਨੂੰਗੋ ਦੀਪਕ ਕੁਮਾਰ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed