ਹਿੰਦੂ ਡੇਰਿਆਂ ਦੇ ਮਹੰਤਾਂ ਵੱਲੋਂ ਆਪਣੇ ਉਤਰ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ ਪੰਜਾਬ ਸਰਕਾਰ : ਮੁੱਖ ਮੰਤਰੀ
-ਪੰਜਾਬ ‘ਚ ਡੇਰਿਆਂ ਦੇ ਲੰਬਿਤ ਇੰਤਕਾਲ ਤੁਰੰਤ ਕਰਨ ਦੇ ਨਿਰਦੇਸ਼-ਚਰਨਜੀਤ ਸਿੰਘ ਚੰਨੀ
-ਮੁੱਖ ਮੰਤਰੀ ਨੇ ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ ਵੱਲੋਂ ਕਰਵਾਏ ਵਿਰਾਟ ਸੰਤ ਸੰਮੇਲਨ ‘ਚ ਸ਼ਿਰਕਤ ਕੀਤੀ
ਪਟਿਆਲਾ, 7 ਜਨਵਰੀ 2022 : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਹਿੰਦੂ ਧਾਰਮਿਕ ਡੇਰਿਆਂ ਦੇ ਮਹੰਤਾਂ ਤੇ ਸਾਧੂ ਸਮਾਜ ਵੱਲੋਂ ਆਪਣੇ ਉਤਰਾ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ। ਮੁੱਖ ਮੰਤਰੀ ਸ. ਚੰਨੀ, ਅੱਜ ਇੱਥੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਮਹੰਤ ਸ੍ਰੀ ਆਤਮਾ ਰਾਮ ਦੀ ਪਹਿਲਕਦਮੀ ‘ਤੇ ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਅਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ ਵੱਲੋਂ ਕਰਵਾਏ ਗਏ ਵਿਰਾਟ ਸੰਤ ਸਮੇਲਨ ਵਿੱਚ ਸ਼ਿਕਰਤ ਕਰਨ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਾਧੂ ਸਮਾਜ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਮੰਨਦਿਆਂ ਕਿਹਾ ਕਿ ਸੰਤਾਂ ਅਤੇ ਸਾਧੂ ਸਮਾਜ ਵੱਲੋਂ ਆਪਣੇ ਉਤਰ-ਅਧਿਕਾਰੀ ਦੀ ਚੋਣ ਬਾਰੇ ਫੈਸਲਾ ਸੰਤਾਂ ਦੀ ਪ੍ਰਥਾ ਹੈ ਅਤੇ ਇਸ ਦਾ ਫੈਸਲਾ ਵੀ ਸੰਤਾਂ ਵੱਲੋਂ ਹੀ ਕੀਤਾ ਜਾਵੇਗਾ, ਸਰਕਾਰ ਇਸ ਵਿੱਚ ਕੋਈ ਦਖਲਅੰਦਾਜੀ ਨਹੀਂ ਕਰੇਗੀ। ਉਨ੍ਹਾਂ ਕਿਹਾ ਪੰਜਾਬ ਭਰ ‘ਚ ਇਸ ਤਰ੍ਹਾਂ ਦੇ ਬਾਕੀ ਇੰਤਕਾਲ ਤੁਰੰਤ ਕਰਵਾਉਣ ਦੇ ਹੁਕਮ ਦੇ ਦਿੱਤੇ ਜਾਣਗੇ ਅਤੇ ਸੰਤ ਸਮਾਜ ਜੋ ਚਾਹੇਗਾ ਉਸੇ ਮੁਤਾਬਕ ਹੀ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੰਤ ਆਪਣੀ ਗੱਦੀ ਆਪਣੇ ਕਿਸੇ ਚੇਲੇ ਨੂੰ ਦੇਣ ਦੀ ਵਸੀਅਤ ਕਰਕੇ ਸਵਰਗ ਸਿਧਾਰਨਗੇ ਤਾਂ ਉਸ ਨੂੰ ਸਰਕਾਰ ਮਾਨਤਾ ਦੇਵੇਗੀ ਪਰੰਤੂ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭੇਖ ਭਗਵਾਨ ਵੱਲੋਂ ਕੀਤੇ ਗਏ ਫੈਸਲੇ ਨੂੰ ਹੀ ਸਰਕਾਰ ਮਾਨਤਾ ਦੇਵੇਗੀ। ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸਾਧੂ ਸਮਾਜ ਦੀਆਂ ਮੁਸ਼ਕਿਲਾਂ ਸਰਕਾਰ ਪੱਧਰ ‘ਤੇ ਹੱਲ ਆਪਣੇ ਆਪ ਕਰਵਾਉਣ ਲਈ ਸਾਧੂ ਸਮਾਜ ਦੀ ਨੁਮਾਇੰਦਗੀ ਕਰਦੇ ਮਹੰਤ ਆਤਮਾ ਰਾਮ ਨੂੰ ਸਰਕਾਰ ਵਿੱਚ ਕੈਬਨਿਟ ਰੈਂਕ ਦੇਣ ਦੀ ਵੀ ਪੇਸ਼ਕਸ਼ ਕੀਤੀ।
ਮੁੱਖ ਮੰਤਰੀ ਨੇ ਸੰਤ ਸਮਾਜ ਨੂੰ ਆਪਣੇ ਮੋਰਿੰਡਾ ਸਥਿਤ ਘਰ ਵਿੱਚ ਚਰਨ ਪਾਉਣ ਦੀ ਬੇਨਤੀ ਕੀਤੀ, ਜਿਸ ਨੂੰ ਸੰਤ ਸਮਾਜ ਨੇ ਪ੍ਰਵਾਨ ਕਰ ਲਿਆ। ਇਸ ਦੌਰਾਨ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮਹੰਤ ਆਤਮਾ ਰਾਮ ਦੀ ਫ਼ਿਕਰਮੰਦੀ ਕਰਕੇ ਪੰਜਾਬ ਸਰਕਾਰ ਡੇਰਾ ਸੰਤਾਂ ਤੇ ਸਾਧੂ ਸਮਾਜ ਦੀਆਂ ਦਿਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉਹ 1980 ਤੋਂ ਸਰਕਾਰਾਂ ‘ਚ ਰਹੇ ਹਨ ਪਰੰਤੂ ਜੋ ਕੰਮ ਕਰਨ ਦਾ ਮਾਹੌਲ ਪਿਛਲੇ 3 ਮਹੀਨਿਆਂ ‘ਚ ਬਣਿਆ ਹੈ ਅਤੇ ਸਰਕਾਰ ਦਾ ਜੋ ਨਵਾਂ ਰੂਪ ਇਸ ਵਾਰ ਦੇਖਿਆ ਹੈ ਉਹ ਪਹਿਲਾਂ ਕਦੇ ਨਹੀਂ ਬਣਿਆ।
ਇਸ ਤੋਂ ਪਹਿਲਾਂ ਮਹੰਤ ਸ੍ਰੀ ਆਤਮਾ ਰਾਮ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਦੇ ਸਾਦਗੀ ਅਤੇ ਸ਼ਰਧਾ ਭਾਵ ਦੀ ਸ਼ਲਾਘਾ ਕੀਤੀ। ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ ਨੇ ਕਿਹਾ ਕਿ ਗੁਰੂ ਤੋਂ ਬਾਅਦ ਗੱਦੀ ਚੇਲੇ ਨੂੰ ਸੁਭਾਵਕ ਰੂਪ ‘ਚ ਹੀ ਮਿਲਣੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਉਸ ਨੂੰ ਬਣਦੀ ਮਨਜੂਰੀ ਵੀ ਸੁਭਾਵਕ ਮਿਲਣੀ ਚਾਹੀਦੀ ਹੈ।
ਮਹੰਤ ਬਿਕਰਮਜੀਤ ਸਿੰਘ ਨੇ ਮੁੱਖ ਮੰਤਰੀ ਦੇ ਸਨਮੁਖ ਹਿੰਦੂ ਧਾਰਮਿਕ ਡੇਰਿਆਂ ਦੇ ਕਿਸੇ ਮਹੰਤ ਦੇ ਸਵਰਗ ਸਿਧਾਰ ਜਾਣ ਮਗਰੋਂ ਉਸਦਾ ਉਤਰਾ-ਅਧਿਕਾਰੀ ਮਹੰਤ ਥਾਪੇ ਜਾਣ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਮਹੰਤਾਂ ਦੀ ਨਿਯੁਕਤੀ ਸ਼ਾਹੀ ਫੁਰਮਾਨ ਦੀ ਥਾਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਮੁਤਾਬਕ, ਸਬੰਧਤ ਡੇਰੇ ਦੇ 50 ਕਿਲੋਮੀਟਰ ਦਾਇਰੇ ਅਧੀਨ ਨਾਮੀ-ਗਰਾਮੀ ਸੰਤਾਂ-ਮਹੰਤਾਂ ਦੀ ਮੂੰਹ ਬੋਲੀ ਸੰਸਥਾ ਭੇਖ ਭਗਵਾਨ ਵੱਲੋਂ ਕੀਤੇ ਜਾਣ ਦੇ ਅਧਾਰ ‘ਤੇ ਹੀ ਕੀਤੀ ਜਾਵੇ।
ਇਸ ਮੌਕੇ ਸੰਤ ਸਮਾਜ ਦੇ ਹੋਰਨਾਂ ਨੁਮਾਇੰਦਿਆਂ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਭੇਖ ਵੱਲੋਂ ਕੀਤੀ ਨਿਯੁਕਤੀ ਨੂੰ ਸਰਕਾਰ ਪ੍ਰਵਾਨਗੀ ਦੇਵੇ ਅਤੇ ਇਸਦਾ ਇੰਤਕਾਲ ਐਫ.ਸੀ.ਆਰ. ਦਫ਼ਤਰ ਕੋਲ ਜਾਣ ਦੀ ਥਾਂ ਸਥਾਨਕ ਪੱਧਰ ‘ਤੇ ਤੁਰੰਤ ਤਹਿਸੀਲਦਾਰ ਅਤੇ ਐਸ.ਡੀ.ਐਮ. ਵਲੋਂ ਹੀ ਕਰਵਾਇਆ ਜਾਵੇ। ਇਸ ਮੌਕੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਸ੍ਰੀ ਬ੍ਰਹਮ ਮਹਿੰਦਰਾ ਨੂੰ ਸਨਮਾਨਤ ਕੀਤਾ ਗਿਆ।
ਭਜਨ ਨਾਲ ਸ਼ੁਰੂ ਹੋਏ ਇਸ ਵਿਰਾਟ ਸੰਤ ਸੰਮੇਲਨ ‘ਚ ਸਵਾਮੀ ਹਰਿ ਚੇਤਨਾ ਨੰਦ ਹਰਿਦੁਆਰ, ਮਹੰਤ ਕਮਲ ਦਾਸ, ਮਹੰਤ ਦਮੋਦਰ ਦਾਸ, ਮਹੰਤ ਵੰਸੀ ਪੁਰੀ ਪਹੇਵਾ, ਸਵਾਮੀ ਪਰਮਹੰਸ ਕੁਰੂਕਸ਼ੇਤਰ, ਮਹੰਤ ਪਰਮਾਨੰਦ ਜੰਡਿਆਲਾ ਗੁਰੂ, ਮਹੰਤ ਦਿਵਯਾਅੰਬਰ ਮੁਨੀ ਅੰਮ੍ਰਿਤਸਰ, ਮਹੰਤ ਹਰੀਹਰ ਦਾਸ ਚੌਰੇ ਵਾਲੇ, ਮਹੰਤ ਤਰਨਪ੍ਰਸ਼ਾਦ ਪਹੇਵਾ, ਮਹੰਤ ਸਰੂਪਾਨੰਦ ਬਠਿੰਡਾ, ਮਹੰਤ ਸ਼ਾਂਤਾਨੰਦ ਬੀਰੋਕੇ ਮਾਨਸਾ, ਕਮਲ ਦਾਸ, ਮਹੰਤ ਰਮੇਸ਼ ਮੁਨੀ ਤਲਵੰਡੀ ਸਾਬੋ, ਮਹੰਤ ਅੰਮ੍ਰਿਤ ਮੁਨੀ ਮਾਨਸਾ, ਨਰੇਸ਼ ਪਾਠਕ, ਰਤਨਜੀਤ ਸਿੰਘ, ਮਹੰਤ ਬਚਨ ਦਾਸ, ਮਹੰਤ ਸਚਿਦਾਨੰਦ ਗੁਰਮਾ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਰਪ੍ਰੀਤ ਚੀਮਾ, ਟਿਊਬਵੈਲ ਕਾਰਪੋਰੇਸ਼ਨ ਦੇ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਖਨੌੜਾ, ਯੂਥ ਆਗੂ ਮੋਹਿਤ ਮੋਹਿੰਦਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸੰਤ ਬਾਂਗਾ, ਪੀ.ਆਰ.ਟੀ.ਸੀ. ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ, ਰਾਮਗੜ੍ਹੀਆ ਭਲਾਈ ਬੋਰਡ ਦੇ ਵਾਈਸ ਚੇਅਰਮੈਨ ਜਗਜੀਤ ਸਿੰਘ ਸੱਗੂ, ਡਵੀਜਨਲ ਕਮਿਸ਼ਨਰ ਚੰਦਰ ਗੈਂਦ, ਐਸ.ਐਸ.ਪੀ. ਡਾ. ਸੰਦੀਪ ਗਰਗ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ ਸਮੇਤ ਨਿਰਮਲ ਪੰਥ, ਪੰਚਾਇਤੀ ਅਖਾੜਾ, ਉਦਾਸੀਨ ਸੰਪਰਦਾ ਦੇ ਪਹੇਵਾ, ਹਰਿਦੁਆਰ ਅਤੇ ਕੁਰੂਕਸ਼ੇਤਰ ਤੋਂ ਇੱਕ ਦਰਜਨ ਤੋਂ ਵਧੀਕ ਅਖਾੜਿਆਂ ਦੇ ਵੱਡੀ ਗਿਣਤੀ ‘ਚ ਹੋਰ ਸਾਧੂ ਮਹਾਤਮਾ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।