ਪੰਜਾਬ ਵਿਧਾਨ ਸਭਾ ਚੋਣਾਂ 2022 : ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ

0

ਸੀ.ਈ.ਓ. ਪੰਜਾਬ ਵੱਲੋਂ ਡੀ.ਪੀ.ਆਰ.ਓਜ਼ ਨੂੰ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੇ ਨਿਰਦੇਸ਼

ਸਹਾਇਕ ਪ੍ਰੋਫ਼ੈਸਰ ਡਾ. ਰੁਬਲ ਕਨੌਜੀਆ ਨੇ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ, ਜਾਅਲੀ ਖ਼ਬਰਾਂ ਨੂੰ ਰੋਕਣ ਲਈ ਨੁਕਤੇ ਕੀਤੇ ਸਾਂਝੇ

ਚੰਡੀਗੜ੍ਹ, 7 ਜਨਵਰੀ 2022 :  ਸੋਸ਼ਲ ਮੀਡੀਆ ਦੇ ਨਵੀਂ ਚੁਣੌਤੀ ਵਜੋਂ ਉਭਰਨ ਦੇ ਨਾਲ, ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਅੱਜ ਸਾਰੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ (ਡੀਪੀਆਰਓਜ਼) ਲਈ ‘ਸੋਸ਼ਲ ਮੀਡੀਆ ਮੋਨੀਟਰਿੰਗ’ ਵਿਸ਼ੇ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਤਾਂ ਜੋ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਜਾਅਲੀ ਖ਼ਬਰਾਂ ਨੂੰ ਰੋਕਣ ਅਤੇ ਪੇਡ ਨਿਊਜ਼ ਦੀ ਪਛਾਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।

ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਸਹਾਇਕ ਪ੍ਰੋਫੈਸਰ ਡਾ. ਰੂਬਲ ਕਨੌਜੀਆ, ਜੋ ਕਿ ਗਲਤ ਸੂਚਨਾਵਾਂ ਅਤੇ ਝੂਠੀਆਂ ਖ਼ਬਰਾਂ ਦੇ ਖੋਜਕਰਤਾ ਹੋਣ ਦੇ ਨਾਲ ਨਾਲ ਸੋਸ਼ਲ ਮੀਡੀਆ ਵਿਸ਼ਲੇਸ਼ਕ ਵੀ ਹਨ, ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਸਨ।

ਸੀ.ਈ.ਓ ਡਾ. ਰਾਜੂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡੀ.ਪੀ.ਆਰ.ਓਜ਼ ਨਾਲ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਸਵੀਪ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਡੀ.ਪੀ.ਆਰ.ਓਜ਼ ਨੂੰ ਇਹ ਵੀ ਕਿਹਾ ਕਿ ਉਹ ਨਾ ਸਿਰਫ਼ ਰਵਾਇਤੀ ਮੀਡੀਆ ਜਿਵੇਂ ਕਿ ਇਨਡੋਰ ਅਤੇ ਆਊਟਡੋਰ ਇਸ਼ਤਿਹਾਰਾਂ ਅਤੇ ਪ੍ਰੈਸ ਨੋਟਾਂ ਦੀ ਵਰਤੋਂ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ, ਸਗੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਕਿਹਾ।

ਡਾ. ਰੂਬਲ ਕਨੌਜੀਆ ਨੇ ਬਾਅਦ ਵਿੱਚ ਡੀ.ਪੀ.ਆਰ.ਓਜ਼ ਨੂੰ ਵੱਖ-ਵੱਖ ਸੋਸ਼ਲ ਮੀਡੀਆ ਟਿਪਸ ਅਤੇ ਟੂਲਜ਼ ਬਾਰੇ ਜਾਣਕਾਰੀ ਦਿੱਤੀ, ਜੋ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋਣ ਵਾਲੀਆਂ ਜਾਅਲੀ ਖ਼ਬਰਾਂ, ਵਾਇਰਲ ਖ਼ਬਰਾਂ ਅਤੇ ਪੇਡ ਨਿਊਜ਼ ‘ਤੇ ਨਜ਼ਰ ਰੱਖਣ ਵਿੱਚ ਡੀਪੀਆਰਓਜ਼ ਦੀ ਮਦਦ ਕਰਨਗੇ।

ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਅਖਬਾਰਾਂ, ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਦੀਆਂ ਖਬਰਾਂ ‘ਤੇ ਨਜ਼ਰ ਰੱਖਣ ਲਈ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀਜ਼ (ਐਮਸੀਐਮਸੀ) ਵਿੱਚ ਡੀਪੀਆਰਓਜ਼ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

About The Author

Leave a Reply

Your email address will not be published. Required fields are marked *