ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਖੇਡ ਮੰਤਰੀ ਪਰਗਟ ਸਿੰਘ ਦੀ ਨਵੇਂ ਸਾਲ ਦੀ ਸੌਗਾਤ, 23 ਲੱਖ ਦੀ ਗ੍ਰਾਂਟ ਮਨਜ਼ੂਰ
ਸਟੇਡੀਅਮ ’ਚ ਬਣੇਗਾ 6ਵਾਂ ਸਿੰਥੈਟਿਕ ਕੋਰਟ, ਜਿਮਨੇਜ਼ੀਅਮ ਬਣੇਗਾ ਆਧੁਨਿਕ, ਹੋਸਟਲ ਦੇ ਕਮਰਿਆਂ ਦਾ ਵੀ ਹੋਵੇਗਾ ਨਵੀਨੀਕਰਣ
ਜਲੰਧਰ, 6 ਜਨਵਰੀ 2022 : ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਦੇ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਨੂੰ ਨਵੇਂ ਸਾਲ ਦੀ ਸੌਗਾਤ ਦਿੰਦੇ ਹੋਏ 23 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਹੈ। ਇਸ ਰਾਸ਼ੀ ਨਾਲ ਸਟੇਡੀਅਮ ਵਿੱਚ ਵਿਭਿੰਨ ਕਾਰਜਾਂ ਨੂੰ ਪੂਰਾ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਨਵਾਂ ਸਿੰਥੈਟਿਕ ਕੋਰਟ ਬਣਾਉਣਾ, ਹੋਸਟਲ ਦੇ ਕਮਰਿਆਂ ਦੀ ਹਾਲਤ ਸੁਧਾਰਦੇ ਹੋਏ ਉਨ੍ਹਾਂ ਨੂੰ ਏਅਰਕੰਡੀਸ਼ੰਡ ਕਰਨਾ ਅਤੇ ਜਿਮਨੇਜ਼ੀਅਮ ਨੂੰ ਵੱਡਾ ਕਰਦੇ ਹੋਏ ਨਵੀਨੀਕਰਣ ਦੇ ਤਹਿਤ ਉਸ ਵਿੱਚ ਆਧੁਨਿਕ ਮਸ਼ੀਨਰੀ ਲਗਾਉਣਾ ਆਦਿ ਸ਼ਾਮਿਲ ਹੈ।
ਖੇਡ ਮੰਤਰੀ ਪਰਗਟ ਸਿੰਘ ਦੇ ਨਿਰਦੇਸ਼ ਅਨੁਸਾਰ ਖੇਡ ਵਿਭਾਗ ਨੇ ਆਪਣੇ ਕੰਸਟ੍ਰੱਕਸ਼ਨ ਵਿੰਗ ਦੇ ਮਾਧਿਅਮ ਨਾਲ ਈ-ਟੈਂਡਰ ਵੀ ਲਗਵਾ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਸਟਿ੍ਰਕਟ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਖੇਡ ਮੰਤਰੀ ਪਰਗਟ ਸਿੰਘ ਨੂੰ ਮੰਗ ਪੱਤਰ ਸੌਂਪ ਕੇ ਨਵੀਂ ਸਿੰਥੈਟਿਕ ਕੋਰਟ ਨੂੰ ਬਣਾਉਣ, ਜਿਮਨੇਜ਼ੀਅਮ ਦੇ ਅੱਪਗ੍ਰੇਡੇਸ਼ਨ ਅਤੇ ਹੋਸਟਲ ਦੇ ਨਵੀਨੀਕਰਣ ਦੇ ਲਈ 23 ਲੱਖ ਦੀ ਗ੍ਰਾਂਟ ਦੇਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਪਰਗਟ ਸਿੰਘ ਵੱਲੋਂ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਦੱਸਿਆ ਕਿ ਵਰਤਮਾਨ ’ਚ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ 5 ਸਿੰਥੈਟਿਕ ਕੋਰਟ ਲੱਗੇ ਹਨ ਅਤੇ ਵੱਖ-ਵੱਖ ਸ਼ਿਫਟਾਂ ਵਿੱਚ ਸੈਂਕੜੇ ਖਿਡਾਰੀ ਇੱਥੇ ਪ੍ਰੈਕਟਿਸ ਕਰਦੇ ਸਨ। ਇਸ ਦੇ ਬਾਵਜੂਦ ਕੋਰਟ ਘੱਟ ਹੋਣ ਕਾਰਣ ਐਸੋਸੀਏਸ਼ਨ ਕਈ ਹੋਰ ਖਿਡਾਰੀਆਂ ਨੂੰ ਐਡਮੀਸ਼ਨ ਨਹੀਂ ਦੇ ਰਹੀ ਸੀ ਜੋ ਕਿ ਸਟੇਡੀਅਮ ’ਚ ਆ ਕੇ ਪ੍ਰੈਕਟਿਸ ਕਰਨਾ ਚਾਹੁੰਦੇ ਹਨ। ਇਸ ਲਈ ਇਕ ਹੋਰ ਨਵੇਂ ਸਿੰਥੈਟਿਕ ਕੋਰਟ ਦੇ ਬਣ ਜਾਣ ਨਾਲ ਜ਼ਿਆਦਾ ਖਿਡਾਰੀ ਸਟੇਡੀਅਮ ਵਿੱਚ ਪ੍ਰੈਕਟਿਸ ਕਰ ਸਕਣਗੇ। 6ਵੇਂ ਸਿੰਥੈਟਿਕ ਕੋਰਟ ਦੇ ਬਣ ਜਾਣ ਨਾਲ ਇੱਥੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਦਾ ਆਯੋਜਨ ਦਾ ਰਸਤਾ ਵੀ ਸਾਫ ਹੋ ਜਾਵੇਗਾ। ਰਿਤਿਨ ਖੰਨਾ ਨੇ ਦੱਸਿਆ ਕਿ ਹੁਣ ਜਿਮਨੇਜ਼ੀਅਮ ਨੂੰ ਵੀ ਅੱਪਗ੍ਰੇਡ ਕੀਤਾ ਜਾਵੇਗਾ। 5 ਲੱਖ ਰੁਪਏ ਦੀ ਲਾਗਤ ਨਾਲ ਜਿਮਨੇਜ਼ੀਅਮ ਦਾ ਸਾਈਜ਼ ਹੋਰ ਵਧਾਇਆ ਜਾਵੇਗਾ ਅਤੇ ਆਧੁਨਿਕ ਮਸ਼ੀਨਰੀ ਲਗਾਈ ਜਾਵੇਗੀ।
ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਖਿਡਾਰੀਆਂ ਨੂੰ ਮਿਲੇਗੀ ਵਧੀਆ ਠਹਿਰਣ ਦੀ ਸੁਵਿਧਾ
ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਖੇਡ ਮੰਤਰੀ ਪਰਗਟ ਸਿੰਘ ਦਾ ਆਭਾਰ ਜਤਾਉਦਿਆਂ ਕਿਹਾ ਕਿ ਸਟੇਡੀਅਮ ਦੇ ਹੋਸਟਲ ਵਿੱਚ 15 ਕਮਰੇ ਹਨ, ਜਿਨ੍ਹਾਂ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਇਸੇ ਕਾਰਣ ਦੂਸਰੇ ਸ਼ਹਿਰਾਂ ਤੋਂ ਆਉਣ ਵਾਲੇ ਖਿਡਾਰੀਆਂ ਨੂੰ ਇੱਥੇ ਰਹਿਣ ’ਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਹੁਣ ਇਨ੍ਹਾਂ ਕਮਰਿਆਂ ਦੀ ਹਾਲਤ ਸੁਧਾਰਦੇ ਹੋਏ ਇਨ੍ਹਾਂ ਨੂੰ ਏਅਰਕੰਡੀਸ਼ੰਡ ਕੀਤਾ ਜਾਵੇਗਾ, ਜਿਸ ਨਾਲ ਦੂਸਰੇ ਸ਼ਹਿਰਾਂ ਦੇ ਖਿਡਾਰੀਆਂ ਨੂੰ ਇੱਥੇ ਰਹਿਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਦੇ ਨਾਲ ਹੀ ਖਿਡਾਰੀਆਂ ਦੇ ਖਾਣ-ਪੀਣ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਸਟੇਡੀਅਮ ਵਿੱਚ ਸਪੋਰਟਸ ਰੈਸਟੋਰੈਂਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਪਰਗਟ ਸਿੰਘ ਨੇ ਇਕ ਸੱਚੇ ਖਿਡਾਰੀ ਦੇ ਰੂਪ ਵਿੱਚ ਵਾਅਦਾ ਨਿਭਾਇਆ : ਰਿਤਿਨ ਖੰਨਾ
ਸਾਬਕਾ ਓਲੰਪੀਅਨ ਹਾਕੀ ਖਿਡਾਰੀ ਪਰਗਟ ਸਿੰਘ ਨੇ ਹਾਲ ਹੀ ਵਿੱਚ ਰਾਇਜਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ’ਚ ਬਤੌਰ ਮੁੱਖ ਮਹਿਮਾਨ ਵਜੋਂ ਇਕ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਵਧੀਆ ਕੰਮ ਲਈ ਡੀ. ਬੀ. ਏ. ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਅਤੇ ਉਨ੍ਹਾਂ ਦੀ ਟੀਮ ਦੀ ਪਿੱਠ ਥਪਥਪਾਉਦੇ ਹੋਏ ਵਾਅਦਾ ਕੀਤਾ ਸੀ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ, ਇਸ ਲਈ ਹੰਸਰਾਜ ਬੈਡਮਿੰਟਨ ਸਟੇਡੀਅਮ ਦੇ ਵਿਕਾਸ ਲਈ ਜਦ ਵੀ ਉਨ੍ਹਾਂ ਕੋਲੋਂ ਮਦਦ ਮੰਗੀ ਜਾਵੇਗੀ, ਉਹ ਹਰ ਸੰਭਵ ਮਦਦ ਕਰਨਗੇ। 23 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰਕੇ ਉਨ੍ਹਾਂ ਨੇ ਸੱਚੇ ਖਿਡਾਰੀ ਦੇ ਰੂਪ ਵਿੱਚ ਕੀਤਾ ਵਾਅਦਾ ਨਿਭਾ ਦਿੱਤਾ।