550 ਲੋੜਵੰਦ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਸਿੱਖਿਆ- ਡਾ. ਕਰਮਜੀਤ ਸਿੰਘ
ਪਟਿਆਲਾ, 15 ਜੁਲਾਈ 2021 : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸ਼ਤਾਬਦੀ ਸਮਾਰੋਹਾਂ ਦੇ ਪ੍ਰੋਗਰਾਮ ਦੀ ਲੜੀ ‘ਚ ਉੱਚ ਵਿਦਿਆ ਦੇ ਪਾਸਾਰ ਅਤੇ ਵਿਸਥਾਰ ਲਈ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ਅੱਜ ‘ਵਿਸ਼ਵ ਯੁਵਕ ਹੁਨਰ’ ਦਿਵਸ ਮੌਕੇ ਦਾਖਲਿਆਂ ਦੀ ਸ਼ੁਰੂਆਤ ਨਾਲ ਪਹਿਲੇ ਅਕਾਦਮਿਕ ਸਾਲ ਦਾ ਆਗ਼ਾਜ਼ ਕੀਤਾ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਊਂਡਰ ਉਪਕੁਲਪਤੀ ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਸਥਾਪਤ ਕੀਤੀ ਗਈ ਇਹ ਨਿਵੇਕਲੀ ਯੂਨੀਵਰਸਿਟੀ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਵਿੱਦਿਆ ਦੇ ਚਾਨਣ ਨੂੰ ਕੁਲ ਲੋਕਾਈ ਤੱਕ ਪੁੱਜਦਾ ਕਰੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੇ ਹਰ ਖਿੱਤੇ ‘ਚੋਂ ਲੋੜਵੰਦ ਤੇ ਆਰਥਿਕ ਤੌਰ ਤੇ ਕਮਜੋਰ ਹੋਣਗੇ, ਪੇਂਡੂ ਇਲਾਕੇ ਨਾਲ ਜਾਂ ਸਰਹੱਦੀ ਇਲਾਕੇ ਨਾਲ ਸੰਬੰਧਿਤ 550 ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਤੇ ਇਨ੍ਹਾਂ ‘ਚੋਂ ਵੀ ਇੱਕ ਤਿਹਾਈ ਲੜਕੀਆਂ ਹੋਣਗੀਆਂ।
ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਵਿਸ਼ਵ ਦੀਆਂ ਬਿਹਤਰ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਕੇ ਆਪਣੇ ਨਵੇਂ ਕੋਰਸ ਬਣਾਏ ਹਨ, ਜਿਸ ਨਾਲ ਪੰਜਾਬ ਦੇ ਯੁਵਕ ਹੁਨਰਮੰਦ ਬਣਨਗੇ ਤੇ ਆਪਣਾ ਕਾਰੋਬਾਰ ਵੀ ਕਰ ਸਕਣਗੇ। ਜਿਹੜੇ ਵੱਡੇ ਨਿਸ਼ਾਨਿਆਂ ਦੀ ਪੂਰਤੀ ਹਿੱਤ ਇਹ ਯੂਨੀਵਰਸਿਟੀ ਸਥਾਪਤ ਕੀਤੀ ਗਈ ਹੈ, ਉਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਪਹਿਲੇ ਪੜਾਅ ‘ਚ ਵਿਸ਼ਵ ਯੁਵਕ ਹੁਨਰ ਦਿਵਸ ਮੌਕ ਅੱਜ ਸ਼ੁਰੂ ਕੀਤੇ 8 ਸਰਟੀਫਿਕੇਟ ਕੋਰਸਜ਼, ‘ਡਿਜ਼ਟਲ ਮਾਰਕੀਟਿੰਗ’, ‘ਰੂਰਲ ਮੈਨਜਮੈਂਟ’, ‘ਕ੍ਰੇਟਿਵਿਟੀ ਐਂਡ ਇੰਨੋਵੇਸ਼ਨ ਇਨ ਸਕੂਲ ਐਜੂਕੇਸ਼ਨ’, ‘ਈਫੈਕਟਿਵ ਬਿਜਨਸ ਐਂਡ ਸੋਸ਼ਲ ਕੰਮਨੀਕੇਸ਼ਨ’, ‘ਦਾ ਸਾਇੰਸ ਆਫ ਹੈਪੀਨੈੱਸ ਐਟ ਵਰਕ’, ‘ਵੈਲੀਊਜ ਐਂਡ ਲਰਨਿੰਗ ਆਫ ਸਿੱਖਇਜ਼ਮ’, ‘ਸਾਈਬਰ ਸਕਿਉਰਿਟੀ’ ਤੇ ‘ਆਰਟੀਫਿਸ਼ੀਅਲ ਇੰਟੈੱਲੀਜੈਂਸ ਐਂਡ ਇਟਸ ਐਪਲੀਕੇਸ਼ਨਜ਼’ ਦੀ ਫੀਸ 4000 ਤੋਂ 6000 ਰੁਪਏ ਰੱਖੀ ਗਈ ਹੈ।
ਵਾਈਸ ਚਾਂਸਲਰ ਨੇ ਦੱਸਿਆ ਕਿ ਇਨਾਂ ਤੋਂ ਇਲਾਵਾ ਕਿੱਤਾ-ਮੁਖੀ ਕੋਰਸਾਂ ਖਾਸ ਕਰ ਸਕੂਲ ਆਫ ਬਿਜਨੈਸ ਮੈਨਜਮੈਂਟ, ਸਕੂਲ ਆਫ ਸਾਇੰਸ ਤੇ ਤਕਨਾਲੋਜੀ, ਸਕੂਲ ਆਫ ਸੋਸ਼ਲ ਸਾਇੰਸਜ ਤੇ ਹਿਉਮੈਨਟੀਜ ਤੇ ਰਿਲੀਜਸ ਸਟੱਡੀਜ ਦੇ ਬਹੁਤ ਸਾਰੇ ਕੋਰਸਾਂ ਲਈ ਯੂ. ਜੀ.ਸੀ. ਕੋਲ ਅਪਰੂਵਲ ਲਈ ਕੇਸ ਭੇਜੇ ਜਾਂ ਚੁੱਕੇ ਹਨ। ਇਸ ਤੋਂ ਬਿਨ੍ਹਾਂ 6 ਵਿਸ਼ਿਆਂ ‘ਤੇ ਸਟੱਡੀ ਸਕੂਲਜ ਵੀ ਖੋਲ੍ਹੇ ਗਏ ਹਨ।
ਡਾ. ਕਰਮਜੀਤ ਸਿੰਘ ਨੇ ਕਿਹਾ ਓਪਨ ਯੂਨੀਵਰਸਿਟੀ ਤੇ ਰੈਗੂਲਰ ਯੂਨੀਵਰਸਿਟੀ ‘ਚ ਪੜਕੇ ਨਿਕਲਣ ਵਾਲੇ ਵਿਦਿਆਰਥੀਆਂ ਦੀਆਂ ਡਿਗਰੀਆਂ ਵਿਚ ਕੋਈ ਫਰਕ ਨਹੀਂ ਹੋਵੇਗਾ ਅਤੇ ਇਸ ਯੂਨੀਵਰਸਿਟੀ ਦੇ ਡਿਗਰੀ-ਯਾਫਤਾ ਵਿਦਿਆਰਥੀਆਂ ਨੂੰ ਵੀ ਉਹੀ ਮੌਕੇ ਮਿਲਣਗੇ। ਇਸ ਯੂਨੀਵਰਸਿਟੀ ਦਾ ਘੇਰਾ ਕੇਵਲ ਪੰਜਾਬ ਜਾਂ ਹਿੰਦੁਸਤਾਨ ਤੱਕ ਸੀਮਿਤ ਨਹੀਂ ਹੋਵੇਗਾ ਬਲਕਿ ਇਹ ਸਮੁੱਚੇ ਸੰਸਾਰ ਦੇ ਜਿਗਿਆਸੂਆਂ ਨੂੰ ਇਹ ਆਪਣੇ ਕਲਾਵੇ ਵਿਚ ਲਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਰਜਿਸਟਰਾਰ ਡਾ. ਧਰਮ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਅਨੀਤਾ ਗਿੱਲ ਅਤੇ ਹੋਰ ਅਧਿਆਪਨ ਅਮਲਾ ਮੌਜੂਦ ਸੀ।