15 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਕੋਵਿਡ ਟੀਕਾਕਰਣ ਮੁਹਿੰਮ ਦਾ ਆਗਾਜ਼
ਸਕੂਲ ਦਾ ਪਹਿਚਾਣ ਪੱਤਰ ਜਾਂ ਜਨਮ ਸਰਟੀਫਿਕੇਟ ਵਿਖਾ ਕੇ ਵੀ ਕਰਵਾਇਆ ਜਾ ਸਕਦੈ ਟੀਕਾਰਕਣ
ਮਾਨਸਾ, 3 ਜਨਵਰੀ 2022 : ਪੰਜਾਬ ਸਰਕਾਰ ਵੱਲੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਕੋਵਿਡ ਟੀਕਾਕਰਣ ਕਰਵਾਉਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੁਆਰਾ ਮਾਨਸਾ ਵਿਖੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਨਾਨਕ ਮੱਲ ਧਰਮਸ਼ਾਲਾ ਸ਼ਹਿਰ ਮਾਨਸਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਹਰਚੰਦ ਸਿੰਘ ਨੇ 15 ਸਾਲ ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਟੀਕਾ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਣਜੀਤ ਸਿੰਘ ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਤੋਂ 18 ਸਾਲ ਦੇ ਬੱਚਿਆਂ ਨੂੰ ਟੀਕਾਕਰਣ ਕਰਵਾਉਣ ਲਈ ਬੇਝਿਜਕ ਹੋ ਕੇ ਆਉਣ, ਆਧਾਰ ਕਾਰਡ ਨਾ ਹੋਣ ਦੀ ਸੂਰਤ ਵਿੱਚ ਸਕੂਲ ਦਾ ਪਹਿਚਾਣ ਪੱਤਰ ਜਾਂ ਜਨਮ ਸਰਟੀਫਿਕੇਟ ਦਿਖਾ ਕੇ ਵੀ ਟੀਕਾਕਰਣ ਕਰਵਾਇਆ ਜਾ ਸਕਦਾ ਹੈ।
ਇਸ ਮੌਕੇ ਸ਼ਹਿਰ ਮਾਨਸਾ ਦੇ ਨੋਡਲ ਅਫ਼ਸਰ ਡਾ. ਵਰਣ ਮਿੱਤਲ ਨੇ ਦੱਸਿਆ ਕਿ ਤੀਜੀ ਲਹਿਰ ਓਮੀਕਰੋਨ ਨੂੰ ਵਿਸ਼ਵ ਸਿਹਤ ਸੰਗਠਨ ਵੱਲੋਂ ‘ਵਾਇਸ ਆਫ ਕਨਸਰਨ’ (ਚਿੰਤਾਜਨਕ) ਕਰਾਰ ਦਿੱਤਾ ਗਿਆ ਹੈ, ਇਸ ਤੋਂ ਬਚਣ ਦੀ ਲੋੜ ਹੈ।
ਇਸ ਮੌਕੇ ਡਾ. ਰੂਬਲ ਸ਼ਰਮਾ, ਸੁਰਿੰਦਰ ਕੁਮਾਰ ਪਿੰਟਾ, ਸੁਰੇਸ਼ ਕੁਮਾਰ ਕਰੋੜੀ, ਰਮੇਸ਼ ਜਿੰਦਲ, ਪੁਨੀਤ ਕੁਮਾਰ, ਗੁਰਪ੍ਰੀਤ ਸਿੰਘ, ਨਿਰਮਲ ਰਾਣੀ ਐਲ.ਐਚ.ਵੀ. ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।