ਪੰਜਾਬ ਦੇ ਉਦਯੋਗ ਮੰਤਰੀ ਨੇ ਪੀ.ਐਸ.ਆਈ.ਈ.ਸੀ ਪਲਾਟ ਧਾਰਕਾਂ ਲਈ 31 ਦਸੰਬਰ,2021 ਤੱਕ ਵਧਾਈ ਜ਼ੀਰੋ ਪੀਰੀਅਡ ਦੀ ਮਿਆਦ
ਚੰਡੀਗੜ, 1 ਜਨਵਰੀ 2022 : ਲਘੂ,ਛੋਟੇ ਅਤੇ ਦਰਮਿਆਨੇ ਉਦਯੋਗਾਂ ਦੇ ਮਾਲਕਾਂ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਗੁਰਕਿਰਤ ਸਿੰਘ ਵਲੋਂ ਪੀਐਸਆਈਈਸੀ ਦੇ ਪਲਾਟ ਧਾਰਕਾਂ ਨੂੰ ਰਾਹਤ ਦਿੰਦਿਆਂ ਜ਼ੀਰੋ ਪੀਰੀਅਡ ਦੀ ਮਿਆਦ ਨੂੰ 16 ਸਤੰਬਰ,2021 ਤੋਂ 31 ਦਸੰਬਰ,2021 ਤੱਕ ਵਧਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਉਦਯੋਗਾਂ ਨੂੰ ਸਹੂਲਤ ਦੇਣ ਦੇ ਮੱਦੇਜ਼ਰ ਪੰਜਾਬ ਸਰਕਾਰ ਨੇ ਤੀਜੀ ਵਾਰ ਜੀਰੋ ਪੀਰੀਅਡ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਅਤੇ ਉਕਤ ਮਿਆਦ ਦੌਰਾਨ ਉਦਯੋਗਪਤੀਆਂ ਤੋਂ ਕੋਈ ਵਿਆਜ/ਜੁਰਮਾਨਾ ਨਹੀਂ ਵਸੂਲਿਆ ਜਾਵੇਗਾ। ਕੋਵਿਡ-19 ਦੀ ਪਹਿਲੀ ਅਤੇ ਦੂਜੀ ਲਹਿਰ ਦੇ ਸਿੱਟੇ ਵਜੋਂ ਆਈ ਮੰਦੀ ਕਾਰਨ, ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਪਲਾਟ ਧਾਰਕਾਂ ਨੂੰ 1 ਮਾਰਚ, 2020 ਤੋਂ 31 ਅਗਸਤ, 2020 ਅਤੇ 15 ਮਾਰਚ, 2021 ਤੋਂ 15 ਸਤੰਬਰ,2021 ਤੱਕ ਦੀ ਮਿਆਦ ਵਿੱਚ ਰਾਹਤ ਦਿੱਤੀ ਸੀ।
ਉਦਯੋਗ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ, “ਪਿਛਲੇ ਸਾਲਾਂ ਵਿੱਚ ਕੋਵਿਡ-19 ਮਹਾਂਮਾਰੀ ਕਾਰਨ ਆਈ ਆਰਥਿਕ ਮੰਦੀ ਅਤੇ ਸਪਲਾਈ ਚੇਨ ਵਿੱਚ ਪੈਦਾ ਹੋਏ ਵਿਗਾੜ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਪਲਾਟ ਧਾਰਕਾਂ ਨੂੰ ਰਾਹਤ ਦੀ ਪਹਿਲਾਂ ਤੋਂ ਨਿਰਧਾਰਤ ਕੀਤੀ ਮਿਤੀ 15 ਸਤੰਬਰ, 2021 ਤੋਂ 31 ਦਸੰਬਰ, 2021 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।“
ਇਸ ਦੌਰਾਨ, ਉਦਯੋਗ ਮੰਤਰੀ ਨੇ ਨੇੜਲੇ ਭਵਿੱਖ ਵਿੱਚ ਕੋਵਿਡ-19 ਕਾਰਨ ਮੁੜ ਅਜਿਹੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਰਾਹਤ ਦੀ ਮਿਆਦ ਹੋਰ ਵਧਾਉਣ ਦਾ ਵੀ ਭਰੋਸਾ ਦਿੱਤਾ।