ਮੁੱਖ ਮੰਤਰੀ ਚੰਨੀ ਵੱਲੋਂ ਡੇਰਾ ਸੱਚਖੰਡ ਬੱਲਾਂ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਸਥਾਪਤ ਕਰਨ ਦਾ ਐਲਾਨ

0

25 ਕਰੋੜ ਰੁਪਏ ਦਾ ਚੈੱਕ ਸੌਂਪਿਆ

ਅਧਿਐਨ ਕੇਂਦਰ ਨੂੰ ਗੁਰੂ ਜੀ ਦੇ ਜੀਵਨ ਅਤੇ ਫ਼ਲਸਫ਼ੇ ਦੇ ਦੁਨੀਆ ਭਰ ਵਿੱਚ ਪਸਾਰ ਲਈ ਅਹਿਮ ਦੱਸਿਆ

ਡੇਰਾ ਮੁਖੀ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਾਲੀ ਪ੍ਰਬੰਧਕੀ ਕਮੇਟੀ ਅਧਿਐਨ ਕੇਂਦਰ ਦੇ ਮਾਮਲਿਆਂ ਦੀ ਕਰੇਗੀ ਨਿਗਰਾਨੀ

ਬੱਲਾਂ (ਜਲੰਧਰ), 31 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ 50 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਗੁਰੂ ਰਵਿਦਾਸ ਬਾਣੀ ਅਧਿਐਨ (ਖੋਜ) ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਅਤੇ ਇਸ ਮੰਤਵ ਲਈ ਮੌਕੇ ’ਤੇ 25 ਕਰੋੜ ਰੁਪਏ ਦਾ ਚੈੱਕ ਸੌਂਪਿਆ। ਡੇਰਾ ਸੱਚਖੰਡ ਬੱਲਾਂ ਵਿਖੇ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦੀ ਹਾਜ਼ਰੀ ਵਿੱਚ ਮੱਥਾ ਟੇਕਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਅਧਿਐਨ ਕੇਂਦਰ ਭਗਤੀ ਲਹਿਰ ਦੇ ਮੋਢੀ ਗੁਰੂ ਰਵਿਦਾਸ ਜੀ ਦੀ ਬਾਣੀ ਸਬੰਧੀ ਵਿਆਪਕ ਖੋਜ ਅਤੇ ਅਧਿਐਨ ਕਰਨ ਲਈ ਅਹਿਮ ਸਾਬਤ ਹੋਵੇਗਾ। ਇਸ ਤੋਂ ਇਲਾਵਾ ਇਹ ਕੇਂਦਰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਸਾਰ ਵਿੱਚ ਵੀ ਕਾਫ਼ੀ ਮਦਦਗਾਰ ਸਿੱਧ ਹੋਵੇਗਾ।

ਮੁੱਖ ਮੰਤਰੀ ਚੰਨੀ ਨੇ ਇਸ ਕੇਂਦਰ ਦੇ ਸਮੁੱਚੇ ਮਾਮਲਿਆਂ ਦੇ ਪ੍ਰਬੰਧਨ ਲਈ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ਵਾਲੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਪ੍ਰਬੰਧਕ ਕਮੇਟੀ ਦੇ ਗਠਨ ਦਾ ਵੀ ਐਲਾਨ ਕੀਤਾ ਅਤੇ ਉਨਾਂ ਕਿਹਾ ਕਿ ਕਮੇਟੀ ਵਿੱਚ ਮੁੱਖ ਮੰਤਰੀ, ਸਕੱਤਰ ਸੈਰ ਸਪਾਟਾ ਅਤੇ ਸਥਾਨਕ ਡਿਪਟੀ ਕਮਿਸ਼ਨਰ ਸਰਕਾਰ ਦੇ ਨੁਮਾਇੰਦੇ ਹੋਣਗੇ। ਇਹ ਕਮੇਟੀ ਇਸ ਮੰਤਵ ਲਈ ਲੋੜੀਂਦੀ ਜ਼ਮੀਨ ਦੀ ਖਰੀਦ ਸਮੇਤ ਇਸ ਕੇਂਦਰ ਦੇ ਵਿਕਾਸ ਦੇ ਸਬੰਧ ਵਿੱਚ ਅਗਲੇਰੀ ਕਾਰਵਾਈ ਦਾ ਫੈਸਲਾ ਕਰੇਗੀ।

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਕੇਂਦਰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਵਧਾਉਣ ਲਈ ਅਹਿਮ ਸਾਬਤ ਹੋਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਉਨਾਂ ਦੀ ਬਾਣੀ ਤੋਂ ਪ੍ਰੇਰਨਾ ਲੈ ਸਕਣ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੂੰ ਗੁਰੂ ਜੀ ਦੇ ਜੀਵਨ ਅਤੇ ਫਲਸਫੇ ਦਾ ਅਧਿਐਨ ਕਰਨ ਅਤੇ ਗੁਰੂ ਰਵਿਦਾਸ ਜੀ ਦੀ ਪਾਵਨ ਬਾਣੀ ਦੇ ਵੱਖ-ਵੱਖ ਪਹਿਲੂਆਂ ’ਤੇ ਖੋਜ ਕਰਨ ਲਈ ਸਹੂਲਤ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਇਸ ਮੌਕੇ ਸੰਤ ਨਿਰੰਜਨ ਦਾਸ ਜੀ ਨੇ ਮੁੱਖ ਮੰਤਰੀ ਚੰਨੀ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਚੰਨੀ ਦੇ ਨਾਲ ਕੈਬਨਿਟ ਮੰਤਰੀ ਪਰਗਟ ਸਿੰਘ, ਵਿਧਾਇਕ ਸੁਰਿੰਦਰ ਚੌਧਰੀ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਗਾਇਕ ਕੰਠ ਕਲੇਰ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed