ਪਿੰਡ ਬੱਲਾਂ ‘ਚ ਥਾਪਰ ਮਾਡਲ ਸੀਵਰੇਜ ਸਿਸਟਮ ਦੀ ਸਥਾਪਨਾ ਜਲਦ : ਘਨਸ਼ਿਆਮ ਥੋਰੀ
2 ਕਰੋੜ ਦੀ ਲਾਗਤ ਨਾਲ ਸਥਾਪਤ ਕੀਤੇ ਜਾਣ ਵਾਲੇ ਸੀਵਰੇਜ ਸਿਸਟਮ ਲਈ ਐਕਸ਼ਨ ਪਲਾਨ ਨੂੰ ਦਿੱਤਾ ਅੰਤਿਮ ਰੂਪ, ਅਗਲੇ ਹਫ਼ਤੇ ਸ਼ੁਰੂ ਹੋਵੇਗਾ ਕੰਮ
ਜਲੰਧਰ, 30 ਦਸੰਬਰ 2021 : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬੱਲਾਂ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਥਾਪਰ ਮਾਡਲ ਸੀਵਰੇਜ ਸਿਸਟਮ ਸਥਾਪਤ ਕਰਨ ਲਈ ਸਾਰੀ ਕਾਰਵਾਈ ਪੂਰੀ ਕਰ ਲਈ ਗਈ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਪੰਚਾਇਤ, ਸਬੰਧਤ ਅਧਿਕਾਰੀ ਅਤੇ ਹੋਰ ਭਾਗੀਦਾਰਾਂ ਨਾਲ ਵੀਰਵਾਰ ਨੂੰ ਵਿਸਥਾਰਤ ਮੀਟਿੰਗ ਕੀਤੀ ਗਈ ਤਾਂ ਜੋ ਇਸ ਪ੍ਰਾਜੈਕਟ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪਿੰਡ ਵਿੱਚ ਬੁਨਿਆਦੀ ਸਹੂਲਤ ਨੂੰ ਯਕੀਨੀ ਬਣਾਏਗਾ ਅਤੇ ਪਿੰਡ ਦੀ ਆਬਾਦੀ ਨੂੰ ਸਾਫ਼-ਸਫ਼ਾਈ ਦੇ ਨਾਲ-ਨਾਲ ਬਿਹਤਰ ਸਿਹਤ ਅਤੇ ਸਾਫ-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਵੇਗਾ। ਡਿਪਟੀ ਕਮਿਸ਼ਨਰ ਨੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਸੀਵਰੇਜ ਪ੍ਰਾਜੈਕਟ ‘ਤੇ ਕੰਮ ਸ਼ੁਰੂ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਕੰਮ ਅਗਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਿਰਧਾਰਤ ਸਮੇਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੀਵਰੇਜ ਸਿਸਟਮ ਲਗਭਗ ਤਿੰਨ ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਪੂਰੇ ਪਿੰਡ ਨੂੰ ਕਵਰ ਕਰਨ ਲਈ ਪਾਈਪ ਡਰੇਨੇਜ਼ ਸਿਸਟਮ ਹੋਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਸੀਵਰੇਜ ਸਿਸਟਮ ਤੋਂ ਇਲਾਵਾ ਪਿੰਡ ਦੀਆਂ ਸਾਰੀਆਂ ਗਲੀਆਂ ਨੂੰ ਕਰੀਬ 26 ਲੱਖ ਦੀ ਲਾਗਤ ਨਾਲ ਇੰਟਰਲਾਕ ਕੀਤਾ ਜਾਵੇਗਾ।