ਪੇਡਾ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਏਸ਼ੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਸੋਲਰ ਵਹੀਕਲ ਚੈਂਪੀਅਨਸ਼ਿਪ 8.0 ਦਾ ਆਯੋਜਨ

0

ਪੇਡਾ ਨੇ ਊਰਜਾ ਕੁਸ਼ਲਤਾ ਵਿੱਚ ਖੋਜ ਅਤੇ ਪ੍ਰਦਰਸ਼ਨੀ ਗਤੀਵਿਧੀਆਂ ਲਈ ਸੀਜੀਸੀ ਝੰਜੇੜੀ ਨਾਲ ਸਮਝੌਤਾ ਸਹੀਬੱਧ ਕੀਤਾ

ਚੰਡੀਗੜ੍ਹ, 29 ਦਸੰਬਰ 2021 : ਪੰਜਾਬ ਊਰਜਾ ਵਿਕਾਸ ਏਜੰਸੀ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਝੰਜੇੜੀ ਕੈਂਪਸ, ਐੱਸ.ਏ.ਐੱਸ. ਨਗਰ (ਮੁਹਾਲੀ) ਵਿਖੇ ਚਾਰ ਦਿਨਾਂ ਏਸ਼ੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਸੋਲਰ ਵਹੀਕਲ ਚੈਂਪੀਅਨਸ਼ਿਪ 8.0 ਦਾ ਆਯੋਜਨ ਕੀਤਾ। ਜਿਸ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲਾ, ਤਾਮਿਲਨਾਡੂ, ਕਰਨਾਟਕ, ਗੋਆ, ਅਤੇ ਹੋਰਨਾਂ ਸੂਬਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਚੈਂਪੀਅਨਸ਼ਿਪ ਵਿੱਚ ਕੁੱਲ 21 ਟੀਮਾਂ ਨੇ ਭਾਗ ਲਿਆ ਹੈ ਅਤੇ ਸੂਰਜੀ ਊਰਜਾ ਨਾਲ ਚੱਲਣ ਵਾਲੀ ਈ-ਕਾਰਟ ਅਤੇ ਈ-ਬਾਈਕ ਦੇ ਰੂਪ ਵਿੱਚ ਵਿਲੱਖਣ ਰਚਨਾਵਾਂ ਦੀ ਪੇਸ਼ਕਸ਼ ਕੀਤੀ। ਵੱਖ-ਵੱਖ ਮਾਪਦੰਡਾਂ ‘ਤੇ ਹਰੇਕ ਵਾਹਨ ਦੀ ਕਾਰਗੁਜ਼ਾਰੀ ਦੀ ਜਾਂਚ ਕਰਨ ਲਈ 14 ਵੱਖ-ਵੱਖ ਸੰਸਥਾਵਾਂ ਦੇ ਜੱਜਾਂ ਨੂੰ ਬੁਲਾਇਆ ਗਿਆ ਸੀ ਅਤੇ ਵੱਖ-ਵੱਖ ਟੈਸਟਾਂ ਲਈ ਟੀਮਾਂ ਲਗਾਈਆਂ ਗਈਆਂ ਸਨ। ਅਜਿਹੀਆਂ ਰਚਨਾਵਾਂ ਤਿਆਰ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਟੀਮਾਂ ਨੂੰ ਅਜਿਹੀਆਂ ਰਚਨਾਵਾਂ ਲਈ ਤਨਦੇਹੀ ਨਾਲ ਕੰਮ ਕਰਕੇ ਦਿਨ-ਰਾਤ ਪਸੀਨਾ ਵਹਾਉਣਾ ਪੈਂਦਾ ਹੈ।

ਵੱਖ-ਵੱਖ ਤਕਨੀਕੀ ਟੈਸਟਾਂ ਵਿੱਚ ਵਾਹਨਾਂ ਦੀ ਸਟੀਅਰਿੰਗ ਸਮਰੱਥਾ, ਅਸਮਾਨ ਭੂਮੀ ‘ਤੇ ਉਨ੍ਹਾਂ ਦੇ ਚੱਲਣ ਦੀ ਜਾਂਚ ਕੀਤੀ ਗਈ। ਈ-ਬਾਈਕ ਅਤੇ ਈ-ਕਾਰਟ ਨੂੰ ਉੱਚੇ ਹੰਪਸ ਅਤੇ ਜ਼ਿਗ-ਜ਼ੈਗ ਪੈਟਰਨਾਂ ‘ਤੇ ਉਨ੍ਹਾਂ ਦੇ ਨਿਯੰਤਰਣ ਅਤੇ ਸਥਿਰਤਾ ਲਈ ਜਾਂਚਿਆ ਗਿਆ। ਵਾਹਨਾਂ ਦੀ ਵੱਧ ਤੋਂ ਵੱਧ ਗਤੀ ਅਤੇ ਉਹਨਾਂ ਦੀ ਬ੍ਰੇਕਿੰਗ ਸਿਸਟਮ ਦੀ ਮਜ਼ਬੂਤੀ ਅਤੇ ਪ੍ਰਭਾਵਸ਼ਾਲਤਾ ਦੀ ਜਾਂਚ ਕੀਤੀ ਗਈ। ਜੇਤੂ ਬਣਨ ਲਈ ਟੀਮਾਂ ਨੂੰ ਆਪਣੇ ਵਾਹਨ ਨੂੰ ਟੈਸਟ ਦੇ ਕਈ ਦੌਰ ਵਿੱਚੋਂ ਲੰਘਣਾ ਪਿਆ।

ਇਸ ਦੇਸ਼ ਵਿਆਪੀ ਸਮਾਗਮ ਵਿੱਚ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਪੰਜਾਬ ਡਾ. ਰਾਜ ਕੁਮਾਰ ਵੇਰਕਾ, ਪੇਡਾ ਦੇ ਸੀ.ਈ.ਓ. ਸ੍ਰੀ ਨਵਜੋਤ ਸਿੰਘ ਰੰਧਾਵਾ, ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ, ਪੇਡਾ ਦੇ ਸੀਨੀਅਰ ਮੈਨੇਜਰ ਸ੍ਰੀ ਪਰਮਜੀਤ ਸਿੰਘ, ਪੀਟੀਯੂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਡੀਨ ਅਕਾਦਮਿਕ ਡਾ. ਵਿਕਾਸ ਚਾਵਲਾ ਸ਼ਾਮਲ ਸਨ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਰਚਨਾਵਾਂ ਲਈ ਸਨਮਾਨਿਤ ਕੀਤਾ ਗਿਆ।

ਟੀਮਾਂ ਦੇ ਸਮਰਪਣ ਨੂੰ ਦੇਖਦਿਆਂ ਸੀਜੀਸੀ ਝੰਜੇੜੀ ਦੇ ਪ੍ਰਬੰਧਕਾਂ ਵੱਲੋਂ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਪਹਿਲਾ ਇਨਾਮ 50,000 ਰੁਪਏ ਅਤੇ ਦੂਜਾ ਇਨਾਮ 30,000 ਰੁਪਏ ਅਤੇ ਤੀਜਾ ਇਨਾਮ 20,000 ਰੁਪਏ ਦਿੱਤਾ ਗਿਆ। ਇਸ ਮੌਕੇ ਸੀਜੀਸੀ ਦੇ ਪ੍ਰਧਾਨ ਸ੍ਰੀ ਰਸ਼ਪਾਲ ਸਿੰਘ ਧਾਲੀਵਾਲ, ਸੀਜੀਸੀ ਝੰਜੇੜੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਰਸ਼ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨਵਿਆਉਣਯੋਗ ਊਰਜਾ ਪ੍ਰੋਗਰਾਮਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਸਟੇਟ ਨੋਡਲ ਏਜੰਸੀ ਹੈ। ਪੇਡਾ ਨੇ ਊਰਜਾ ਕੁਸ਼ਲਤਾ ਵਿੱਚ ਖੋਜ ਅਤੇ ਪ੍ਰਦਰਸ਼ਨੀ ਗਤੀਵਿਧੀਆਂ ਲਈ ਸੀਜੀਸੀ ਝੰਜੇੜੀ ਦੇ ਨਾਲ ਸਮਝੌਤਾ ਵੀ ਸਹੀਬੱਧ ਕੀਤਾ।

About The Author

Leave a Reply

Your email address will not be published. Required fields are marked *

You may have missed