ਡਿਪਟੀ ਕਮਿਸ਼ਨਰ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਟੋਰੇਜ ਅਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
9 ਵਿਧਾਨ ਸਭਾ ਚੋਣ ਹਲਕਿਆਂ ਲਈ ਸਥਾਪਤ ਕੀਤੇ ਜਾਣ ਵਾਲੇ ਗਿਣਤੀ ਕੇਂਦਰਾਂ ਦੇ ਪ੍ਰਬੰਧਾਂ ਦੀ ਵੀ ਕੀਤੀ ਸਮੀਖਿਆ
ਜਲੰਧਰ, 28 ਦਸੰਬਰ 2021 : ਆਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਘਨਸ਼ਿਆਮ ਥੋਰੀ ਨੇ ਵੋਟਿੰਗ ਮਸ਼ੀਨਾਂ ਦੀ ਸਟੋਰੇਜ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ, ਜਲੰਧਰ ਵਿਖੇ ਬਣੇ ਜ਼ਿਲ੍ਹਾ ਪੱਧਰੀ ਈ.ਵੀ.ਐਮਜ਼ ਸਟੋਰ ਦਾ ਨਿਰੀਖਣ ਕੀਤਾ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਰਚਰਨ ਸਿੰਘ, ਬਹੁਜਨ ਸਮਾਜ ਪਾਰਟੀ ਦੇ ਵਿਜੈ ਯਾਦਵ ਵੀ ਮੌਜੂਦ ਸਨ, ਜਿਨ੍ਹਾਂ ਦੀ ਹਾਜ਼ਰੀ ਵਿੱਚ ਈ.ਵੀ.ਐਮਜ਼ ਵੇਅਰ ਹਾਊਸ ਖੋਲ੍ਹ ਕੇ ਉਥੇ ਰੱਖੀਆਂ ਗਈਆਂ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੈਟ ਦੀ ਸਟੋਰੇਜ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।
ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਦਫ਼ਤਰ ਦੇ ਅਧਿਕਾਰੀਆਂ ਦੇ ਨਾਲ ਡਿਪਟੀ ਕਮਿਸ਼ਨਰ ਨੇ ਨੌਂ ਵਿਧਾਨ ਸਭਾ ਹਲਕਿਆਂ ਲਈ ਬਣਾਏ ਜਾਣ ਵਾਲੇ ਗਿਣਤੀ ਕੇਂਦਰਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਇਸ ਮੰਤਵ ਲਈ ਸਟਰਾਂਗ ਰੂਮਾਂ ਦਾ ਨਿਰੀਖਣ ਕਰਨ ਤੋਂ ਇਲਾਵਾ ਉਸ ਸਥਾਨ ਦਾ ਦੌਰਾ ਵੀ ਕੀਤਾ, ਜਿੱਥੇ ਨੌਂ ਵਿਧਾਨ ਸਭਾ ਹਲਕਿਆਂ ਲਈ ਜ਼ਿਲ੍ਹਾ ਪੱਧਰ ‘ਤੇ ਗਿਣਤੀ ਕੇਂਦਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 35-ਜਲੰਧਰ ਸੈਂਟਰਲ, 37-ਜਲੰਧਰ ਕੈਂਟ, 38-ਆਦਮਪੁਰ ਦੇ ਗਿਣਤੀ ਕੇਂਦਰ ਨਵੀਂ ਬਿਲਡਿੰਗ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਅਤੇ ਵਿਧਾਨ ਸਭਾ ਚੋਣ ਹਲਕਾ 32-ਸ਼ਾਹਕੋਟ, 33-ਕਰਤਾਰਪੁਰ ਦੇ ਗਿਣਤੀ ਕੇਂਦਰ ਪੁਰਾਣੀ ਬਿਲਡਿੰਗ ਦਫ਼ਤਰ ਡਾਇਰੈਕਟਰ ਲੈਂਡ ਰਿਕਾਰਡ ਅਤੇ ਵਿਧਾਨ ਸਭਾ ਚੋਣ ਹਲਕਾ 30-ਫਿਲੌਰ ਅਤੇ 31-ਨਕੋਦਰ ਦੇ ਗਿਣਤੀ ਕੇਂਦਰ ਸਟੇਟ ਪਟਵਾਰ ਸਕੂਲ ਅਤੇ ਵਿਧਾਨ ਸਭਾ ਚੋਣ ਹਲਕਾ 34-ਜਲੰਧਰ ਵੈਸਟ ਅਤੇ 36- ਜਲੰਧਰ ਉੱਤਰੀ ਦੇ ਗਿਣਤੀ ਕੇਂਦਰ ਜਿੰਮਨੇਜ਼ੀਅਮ ਹਾਲ ਅਤੇ ਡਾਇਨਿੰਗ ਹਾਲ ਸਪੋਰਟ ਸਕੂਲ/ਕਾਲਜ ਵਿੱਚ ਸਥਾਪਤ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਿੰਗ ਮਸ਼ੀਨਾਂ ਦੀ ਸਟੋਰੇਜ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਈ.ਵੀ.ਐਮਜ਼ ਵੇਅਰ ਹਾਊਸ ਦੀ ਮਹੀਨਾਵਾਰ ਅਤੇ ਤਿਮਾਹੀ ਇੰਸਪੈਕਸ਼ਨ ਕੀਤੀ ਜਾਂਦੀ ਹੈ ਅਤੇ ਜ਼ਿਲ੍ਹਾ ਚੋਣ ਅਫ਼ਸਰ, ਜਲੰਧਰ ਵੱਲੋਂ ਤਿਮਾਹੀ ਇੰਸਪੈਕਸ਼ਨ ਤਹਿਤ ਅੱਜ ਜ਼ਿਲ੍ਹਾ ਪੱਧਰੀ ਈ.ਵੀ.ਐਮਜ਼ ਸਟੋਰ ਦਾ ਨਿਰੀਖਣ ਕੀਤਾ ਗਿਆ।