ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ
ਚੰਡੀਗੜ੍ਹ, 25 ਦਸੰਬਰ 2021 : ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂ.ਟੀ, ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਅਟਲ ਬਿਹਾਰੀ ਵਾਜਪਾਈ ਨੂੰ ਉਨ੍ਹਾਂ ਦੇ 97ਵੇਂ ਜਨਮ ਦਿਵਸ `ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪੰਜਾਬ ਰਾਜ ਭਵਨ ਵਿਖੇ ਆਯੋਜਿਤ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼੍ਰੀ ਪੁਰੋਹਿਤ ਅਤੇ ਰਾਜ ਭਵਨ ਦੇ ਕਰਮਚਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ `ਤੇ ਯਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਉਹ ਇੱਕ ਉੱਘੇ ਕੌਮੀ ਨੇਤਾ, ਸੂਝਵਾਨ ਸਿਆਸਤਦਾਨ, ਇੱਕ ਨਿਰਸਵਾਰਥ ਸਮਾਜ ਸੇਵੀ ਅਤੇ ਇੱਕ ਚੰਗੇ ਬੁਲਾਰੇ ਸਨ ਜਿਨ੍ਹਾਂ ਨੇ ਵਿਚਾਰਧਾਰਕ ਸਿਧਾਂਤਾਂ `ਤੇ ਆਧਾਰਿਤ ਰਾਜਨੀਤੀ ਦੇ ਨਾਲ ਭਾਰਤ ਵਿੱਚ ਚੰਗੇ ਸ਼ਾਸਨ ਦੀ ਮਿਸਾਲ ਕਾਇਮ ਕੀਤੀ।
ਅਟਲ ਬਿਹਾਰੀ ਵਾਜਪਾਈ ਦੇ ਜੀਵਨ `ਤੇ ਚਾਨਣਾ ਪਾਉਂਦੇ ਹੋਏ ਸ੍ਰੀ ਪੁਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਕਰੀਬ ਪੰਜਾਹ ਸਾਲਾਂ ਦੇ ਸਿਆਸੀ ਕਾਰਜਕਾਲ ਦੌਰਾਨ ਸ੍ਰੀ ਵਾਜਪਾਈ ਦੀ ਕਾਰਜਸ਼ੈਲੀ ਦੀ ਕਦੇ ਕਿਸੇ ਨੇ ਆਲੋਚਨਾ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਨਮ ਦਿਨ ਨੂੰ ‘ਗੁੱਡ ਗਵਰਨੈਂਸ ਡੇ’ ਵਜੋਂ ਮਨਾਉਣਾ ਅਤੇ ਇਸ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰਨਾ ਹੀ ਇਸ ਮਹਾਨ ਆਗੂ ਨੂੰ ਸੱਚੀ ਸ਼ਰਧਾਂਜਲੀ ਹੈ।
ਸ੍ਰੀ ਪੁਰੋਹਿਤ ਨੇ ਕਿਹਾ “ਅਟਲ ਜੀ ਦਾ ਦੇਸ਼ ਪ੍ਰਤੀ ਸਮਰਪਣ ਅਤੇ ਸੇਵਾ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਕੇਂਦਰ ਰਹਿਣਗੇ; ਆਉ ਅਸੀਂ ਉਨ੍ਹਾਂ ਦੀ ਜੀਵਨਸ਼ੈਲੀ ਨੂੰ ਅਪਣਾਉਂਦਿਆਂ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਦੀ ਬਿਹਤਰੀ ਲਈ ਕੰਮ ਕਰੀਏ ।”