ਕੇਜਰੀਵਾਲ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਭਾਈਵਾਲ: ਰਾਜਾ ਵੜਿੰਗ

0

ਟਰਾਂਸਪੋਰਟ ਮੰਤਰੀ ਨੇ ਕੇਜਰੀਵਾਲ ਨੂੰ ਦਿੱਲੀ ਵਿੱਚ ਔਰਬਿਟ ਨੂੰ ਇਜਾਜ਼ਤ ਦੇਣ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਰੋਕਣ ਲਈ ਬਾਦਲਾਂ ਨਾਲ ਕੀਤੇ ਸੌਦੇ ’ਤੇ ਸਥਿਤੀ ਸਪੱਸ਼ਟ ਕਰਨ ਲਈ ਵੰਗਾਰਿਆ

ਪੰਜਾਬ ’ਚ ਮਾਫ਼ੀਆ ਖ਼ਤਮ ਕਰਨ ਬਾਰੇ ਦਿੱਲੀ ਦੇ ਮੁੱਖ ਮੰਤਰੀ ਦੇ ਦੋਹਰੇ ਕਿਰਦਾਰ ਦਾ ਪਰਦਾਫ਼ਾਸ਼ ਕਰਨ ਲਈ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨੇ ’ਤੇ ਬੈਠੇ ਰਾਜਾ ਵੜਿੰਗ

ਨਵੀਂ ਦਿੱਲੀ/ਚੰਡੀਗੜ, 24 ਦਸੰਬਰ 2021 :  ਦਿੱਲੀ ਵਿੱਚ ਕਈ ਸਾਲਾਂ ਤੋਂ ਰੋਕੀ ਗਈ ਪੰਜਾਬ ਸਰਕਾਰ ਦੀ ਬੱਸ ਸਰਵਿਸ ਨੂੰ ਚਲਾਉਣ ਲਈ ਵੱਖ-ਵੱਖ ਸਮਿਆਂ ’ਤੇ ਲਿਖੇ ਕਈ ਪੱਤਰਾਂ ਦਾ ਜਾਣਬੁੱਝ ਕੇ ਜਵਾਬ ਨਾ ਦੇਣ ਦੇ ਰੋਸ ਵਜੋਂ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਰਨਾ ਲਾਇਆ। ਧਰਨੇ ਦੀ ਅਗਵਾਈ ਕਰਦਿਆਂ ਰਾਜਾ ਵੜਿੰਗ ਨੇ ਕੇਜਰੀਵਾਲ ਨੂੰ ਵੰਗਾਰਿਆ ਕਿ ਉਹ ਔਰਬਿਟ ਬੱਸਾਂ ਨੂੰ ਦਿੱਲੀ ਭਰ ’ਚ ਚੱਲਣ ਦੀ ਇਜਾਜ਼ਤ ਦੇਣ ਲਈ ਬਾਦਲਾਂ ਨਾਲ ਕੀਤੀ ਗੰਢਤੁੱਪ ਅਤੇ ਪੀ.ਆਰ.ਟੀ.ਸੀ. ਨੂੰ ਰੋਕੇ ਜਾਣ ਬਾਰੇ ਸਥਿਤੀ ਸਪੱਸ਼ਟ ਕਰਨ।

ਰਾਜਾ ਵੜਿੰਗ ਨੇ ਕੇਜਰੀਵਾਲ ’ਤੇ ਵਰਦਿਆਂ ਉਸ ਨੂੰ ਆਦਤ ਤੋਂ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਸਟੇਟ ਟਰਾਂਸਪੋਰਟ ਅੰਡਰਟੇਕਿੰਗ (ਐਸ.ਟੀ.ਯੂ.) ਦੀਆਂ ਵਾਲਵੋ ਬੱਸਾਂ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਤੋਂ ਰੋਕਣ ਤੇ ਉਨਾਂ ਨੂੰ ਸਿਰਫ਼ ਆਈ.ਐਸ.ਬੀ.ਟੀ. ਤੱਕ ਮਹਿਦੂਦ ਕਰਨ ਅਤੇ ਇਸ ਦੇ ਉਲਟ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਹਰ ਤਰਾਂ ਦੀ ਇਜਾਜ਼ਤ ਦੇ ਕੇ ਜਿਥੇ ਕੇਜਰੀਵਾਲ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ, ਉਥੇ ਉਸ ਦੇ ਝੂਠ ਦਾ ਪਰਦਾਫ਼ਾਸ਼ ਹੋ ਗਿਆ ਹੈ ਜਿਸ ਵਿੱਚ ਉਸ ਨੇ ਪੰਜਾਬ ’ਚ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਦੀ ਗੱਲ ਕਹੀ ਹੈ।

ਦਿੱਲੀ ਵਿਖੇ ਮੁੱਖ ਮੰਤਰੀ ਕੇਜਰੀਵਾਲ ਦੇ ਨਿਵਾਸ ਦੇ ਬਾਹਰ ਸਵੇਰ ਵੇਲੇ ਪਹੁੰਚੇ ਰਾਜਾ ਵੜਿੰਗ ਨੇ ਇਸ ਨਾਜ਼ੁਕ ਮੁੱਦੇ ’ਤੇ ਗੱਲ ਕਰਦਿਆਂ ਕਿਹਾ, “ਕੇਜਰੀਵਾਲ ਪੰਜਾਬ ਨੂੰ ਲੁੱਟਣ ਵਾਲੇ ਟਰਾਂਸਪੋਰਟ ਮਾਫ਼ੀਆ ਦਾ ਹਿੱਸਾ ਹੈ।’’ ਉਨਾਂ ਕਿਹਾ ਕਿ ਇਹ ਪਤਾ ਲੱਗਣ ’ਤੇ ਕਿ ਮੈਂ ਇੱਥੇ ਆ ਰਿਹਾ ਹਾਂ, ਕੇਜਰੀਵਾਲ ਸੁਵਖਤੇ ਹੀ ਭੱਜ ਨਿਕਲਿਆ ਜਦਕਿ ਉਸ ਦਾ ਸਟਾਫ਼ ਉਸ ਦੀ ਮੌਜੂਦਗੀ ਬਾਰੇ ਝੂਠ ਬੋਲਦਾ ਰਿਹਾ। ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਯਕੀਨ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਜਾਣ ਤੋਂ ਪਹਿਲਾਂ ਉਨਾਂ ਨੂੰ ਜ਼ਰੂਰ ਮਿਲਣਗੇ, ਜਿਥੇ ਜਾ ਕੇ ਉਹ ਟਰਾਂਸਪੋਰਟ ਮਾਫ਼ੀਆ ਨੂੰ ਖ਼ਤਮ ਕਰਨ ਲਈ ਕਈ ਨਵੀਆਂ ‘ਗਾਰੰਟੀਆਂ’ ਪੇਸ਼ ਕਰਨਗੇ।

ਵੜਿੰਗ ਨੇ ਬਤੌਰ ਟਰਾਂਸਪੋਰਟ ਮੰਤਰੀ ਅਹੁਦਾ ਸਾਂਭਣ ਤੋਂ ਤੁਰੰਤ ਬਾਅਦ 7 ਅਕਤੂਬਰ, 2021 ਨੂੰ ਕੇਜਰੀਵਾਲ ਨੂੰ ਪੱਤਰ ਲਿਖ ਕੇ ਲੰਮੇ ਸਮੇਂ ਤੋਂ ਲਟਕ ਰਹੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ ਮੀਟਿੰਗ ਕਰਨ ਲਈ ਢੁਕਵੀਂ ਤਰੀਕ ਅਤੇ ਸਮਾਂ ਦੇਣ ਦੀ ਅਪੀਲ ਕੀਤੀ ਸੀ। ਵਿਭਾਗ ਦੇ ਬੁਲਾਰੇ ਮੁਤਾਬਕ ਇਹ ਪੱਤਰ ਪਿਛਲੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ 29-11-2019, 16-3-2020 ਅਤੇ 24-2-2021 ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਇਸ ਮੁੱਦੇ ’ਤੇ ਲਿਖੇ ਤਿੰਨ ਪੱਤਰਾਂ ਦੀ ਲਗਾਤਾਰਤਾ ਵਿੱਚ ਸੀ।

ਬੁਲਾਰੇ ਨੇ ਦੱਸਿਆ ਕਿ ਇਸ ਪੱਤਰ-ਵਿਹਾਰ ਤੋਂ ਪਹਿਲਾਂ, ਪ੍ਰਮੁੱਖ ਸਕੱਤਰ ਟਰਾਂਸਪੋਰਟ ਸ੍ਰੀ ਕੇ. ਸਿਵਾ ਪ੍ਰਸਾਦ ਨੇ 6 ਦਸੰਬਰ, 2018 ਤੋਂ 21 ਅਗਸਤ, 2019 ਦਰਮਿਆਨ ਆਪਣੇ ਦਿੱਲੀ ਦੇ ਹਮਰੁਤਬਾ ਕੋਲ ਚਾਰ ਵਾਰ ਲਿਖਤੀ ਰੂਪ ਵਿੱਚ ਇਹ ਮੁੱਦਾ ਚੁੱਕਿਆ ਸੀ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਕੋਲ ਵੀ ਲਿਖਤੀ ਤੌਰ ’ਤੇ ਇਹ ਮੁੱਦਾ ਚੁੱਕ ਕੇ ਦਿੱਲੀ ਏਅਰਪੋਰਟ ਪਾਰਕਿੰਗ ਸੇਵਾਵਾਂ ਨੂੰ ਪੰਜਾਬ ਸਟੇਟ ਅੰਡਰਟੇਕਿੰਗ ਦੀਆਂ ਬੱਸਾਂ ਨੂੰ ਹਵਾਈ ਅੱਡੇ ’ਤੇ ਯਾਤਰੀਆਂ ਨੂੰ ਉਤਾਰਨ ਦੀ ਇਜਾਜ਼ਤ ਦੇਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਸੀ।

About The Author

Leave a Reply

Your email address will not be published. Required fields are marked *

You may have missed