ਲੁਧਿਆਣਾ ਬੰਬ ਧਮਾਕਾ ਮਾਮਲਾ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ

0

– ਜਖ਼ਮੀਆਂ ਦਾ ਮੁਫ਼ਤ ਇਲਾਜ਼ ਕਰਨ ਦਾ ਕੀਤਾ ਐਲਾਨ

– ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ

– ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਨੇ ਵੀ ਧਮਾਕੇ ਵਾਲੀ ਥਾਂ ਦਾ ਕੀਤਾ ਮੁਆਇਨਾ, ਜਖ਼ਮੀਆਂ ਨਾਲ ਕੀਤੀ ਮੁਲਾਕਾਤ

ਲੁਧਿਆਣਾ, 23 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅੱਜ ਸਥਾਨਕ ਜ਼ਿਲ੍ਹਾ ਕਚਹਿਰੀ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਮਰਦਾਨਾ ਪਖਾਨਿਆਂ ਵਿੱਚ ਹੋਏ ਧਮਾਕੇ ਵਿੱਚ ਜ਼ਖ਼ਮੀ ਹੋਏ ਸਾਰੇ 5 ਵਿਅਕਤੀਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ ਹੈ। ਧਮਾਕੇ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਪੰਜ ਹੋਰ ਜ਼ਖਮੀ ਹਨ।

ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਮਾਮਲੇ ਦੀ ਛਾਣਬੀਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਹਨ।

ਖਮੀਆਂ ਦੇ ਨਾਂ ਇਸ ਤਰ੍ਹਾਂ ਹਨ: ਸੰਦੀਪ ਕੌਰ (31) ਵਾਸੀ ਰਾਏਕੋਟ (ਲੁਧਿਆਣਾ), ਸ਼ਰਨਜੀਤ ਕੌਰ (25) ਵਾਸੀ ਜਮਾਲਪੁਰ ਲੁਧਿਆਣਾ। ਦੋਵੇਂ ਸਿਵਲ ਹਸਪਤਾਲ ਲੁਧਿਆਣਾ ਵਿੱਚ ਜ਼ੇਰੇ ਇਲਾਜ ਹਨ। ਮਨੀਸ਼ ਕੁਮਾਰ (32) ਵਾਸੀ ਪੁਲਿਸ ਕਲੋਨੀ ਜਮਾਲਪੁਰ ਲੁਧਿਆਣਾ ਦਾ ਸੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ, ਕੁਲਦੀਪ ਸਿੰਘ ਮੰਡ (50) ਵਾਸੀ ਬਿੰਦਰਾਬਨ ਰੋਡ ਲੁਧਿਆਣਾ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਕ੍ਰਿਸ਼ਨ ਖੰਨਾ (75) ਵਾਸੀ ਫੇਜ਼ 1 ਦੁੱਗਰੀ ਦਾ ਵੀ ਡੀ.ਐਮ.ਸੀ. ਲੁਧਿਆਣਾ ਵਿਖ ਇਲਾਜ ਚੱਲ ਰਿਹਾ ਹੈ।

ਘਟਨਾ ਦੇ ਕੁਝ ਘੰਟਿਆਂ ਬਾਅਦ, ਉਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਡੀ.ਜੀ.ਪੀ. ਸ੍ਰੀ ਸਿਧਾਰਥ ਚਟੋਪਾਧਿਆਏ ਨੇ ਧਮਾਕੇ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਸਾਰੇ 3 ​​ਹਸਪਤਾਲਾਂ ਵਿੱਚ ਜ਼ਖਮੀ ਮਰੀਜ਼ਾਂ ਨਾਲ ਮੁਲਾਕਾਤ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਿਸ ਸਾਰੀਆਂ ਥਿਊਰੀਆਂ ‘ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।

ਇਸ ਨੂੰ ਮੰਦਭਾਗੀ ਘਟਨਾ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਮ੍ਰਿਤਕ ਵਿਅਕਤੀ ਹੀ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਘਟਨਾ ਵਾਲੀ ਥਾਂ ਤੋਂ ਨਹੀਂ ਹਟਾਇਆ ਗਿਆ ਹੈ ਤਾਂ ਜੋ ਜਾਂਚ ਅਤੇ ਅਪਰਾਧ ਦੀ ਸਥਿਤੀ ਵਿਚ ਕੋਈ ਵਿਘਨ ਨਾ ਪਵੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਸਾਰੀਆਂ ਸਰਕਾਰੀ ਏਜੰਸੀਆਂ ਜਲਦ ਹੀ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਸ਼ੁਕਰ ਹੈ ਕਿ ਸਾਰੇ ਪੰਜ ਜ਼ਖਮੀ ਵਿਅਕਤੀ ਖਤਰੇ ਤੋਂ ਬਾਹਰ ਹਨ ਅਤੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਮੁੱਖ ਮੰਤਰੀ ਨੇ ਸਾਰੇ ਜ਼ਖਮੀਆਂ ਦਾ ਮੁਫਤ ਇਲਾਜ ਕਰਨ ਦਾ ਵੀ ਐਲਾਨ ਕੀਤਾ ਹੈ।

ਮੁੱਖ ਮੰਤਰੀ ਨੇ ਕਿਹਾ, ਮੈਂ ਦੁਹਰਾਉਣਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਵੀ ਵਿਅਕਤੀ ਨੂੰ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ, ਮੁੱਖ ਮੰਤਰੀ ਨੇ ਕਿਹਾ ਕਿ ਉਹ ਜਲਦੀ ਹੀ ਉਨ੍ਹਾਂ ਏਜੰਸੀਆਂ ਦਾ ਪਰਦਾਫਾਸ਼ ਕਰਨਗੇ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਹਨ।

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕਾਂ ‘ਚ ਸ. ਕੁਲਦੀਪ ਸਿੰਘ ਵੈਦ, ਸ੍ਰੀ ਸੰਜੇ ਤਲਵਾੜ, ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!