NIA ਕਰੇਗੀ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ਦੀ ਜਾਂਚ, ਮੁੱਖ ਮੰਤਰੀ ਚੰਨੀ ਵੀ ਲੈਣਗੇ ਜਾਇਜ਼ਾ
ਲੁਧਿਆਣਾ, 23 ਦਸੰਬਰ 2021 : ਲੁਧਿਆਣਾ ਵਿਖੇ ਕੋਰਟ ਕੰਪਲੈਕਸ ਦੀ ਪੁਰਾਣੀ ਇਮਾਰਤ ‘ਚ ਧਮਾਕਾ ਹੋ ਜਾਣ ਨਾਲ ਕੇਂਦਰ ਤਕ ਹਲਚਲ ਹੋਈ ਹੈ। ਇਸ ਦੇ ਮੱਦੇਨਜ਼ਰ NIA ਦੀ ਟੀਮ ਜਾਂਚ ਕਰੇਗੀ ਤੇ ਪਤਾ ਕਰੇਗੀ ਕਿ ਇਹ ਹਾਦਸਾ ਸੀ ਜਾਂ ਕੋਈ ਸਾਜ਼ਿਸ਼। ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ NIA ਦੀ ਦੋ ਮੈਂਬਰੀ ਟੀਮ ਲੁਧਿਆਣਾ ਲਈ ਰਵਾਨਾ ਹੋ ਗਈ ਹੈ ਤੇ ਉਥੇ ਪਹੁੰਚ ਕੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਏਗੀ।
ਹਾਦਸੇ ਸਬੰਧੀ ਸੂਚਨਾ ਲੱਗਣ ਮਗਰੋਂ ਮੁੱਖਮੰਤਰੀ ਚੰਨੀ ਵੀ ਲੁਧਿਆਣਾ ਵਿਖੇ ਪਹੁੰਚ ਰਹੇ ਹਨ। ਇਸ ਘਟਨਾ ਸਬੰਧੀ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਇਹ ਇਕ ਬਹੁਤ ਵੱਡਾ ਧਮਾਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਆਤਮਦਾਹ ਦਾ ਲੱਗ ਰਿਹਾ ਹੈ। ਕਿਉਂਕਿ ਇਕ ਆਦਮੀ ਦੀ ਦੇਹ ਬੁਰੀ ਤਰ੍ਹਾਂ ਝੁਲਸੀ ਹੈ ਤੇ ਉਸ ਦੇ ਅੰਗ ਵੀ ਖਿੱਲਰੇ ਹੋਏ ਹਨ। ਪੁਲਿਸ ਵਲੋਂ ਮੌਕੇ ਤੇ ਫੋਰੈਂਸਿਕ ਦੀਆਂ ਟੀਮਾਂ ਨੂੰ ਬੁਲਾ ਲਿਆ ਗਿਆ ਹੈ ਪਰ ਹਾਲੇ ਤਕ ਵੀ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ‘ਤੇ ਸਬੰਧਿਤ ਆਦਮੀ ਦੀ ਸ਼ਨਾਖਤ ਕਰਨੀ ਵੀ ਔਖੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਕੋਰਟ ਕੰਪਲੈਸ ਵਿਖੇ ਦੁਪਹਿਰੇ ਵੱਡਾ ਧਮਾਕਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਅਦਾਲਤ ਦੀ ਤੀਸਰੀ ਮੰਜ਼ਿਲ ਦੇ ਬਾਥਰੂਮ ਲਾਗੇ ਹੋਇਆ ਹੈ। ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮੌਕੇ ‘ਤੇ ਅਦਾਲਤ ਕੰਪਲੈਕਸ ‘ਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕੇ ਅਦਾਲਤ ਦੀਆਂ ਕੰਧਾ ਤਕ ਕੰਬ ਗਈਆਂ। ਉਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਕੰਪਲੈਕਸ ਤੋਂ ਬਾਹਰ ਨਿਕਲੇ।