ਭਾਰਤ ਖਿਲਾਫ਼ ਪ੍ਰਚਾਰ ਫੈਲਾਉਣ ‘ਤੇ 20 ਯੂਟਿਊਬ ਚੈਨਲ, 2 ਵੈੱਬਸਾਈਟਾਂ ਬਲਾਕ
ਨਵੀਂ ਦਿੱਲੀ , 21 ਦਸੰਬਰ 2021 : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਨੁਸਾਰ, ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ 20 ਯੂਟਿਊਬ ਚੈਨਲਾਂ ਅਤੇ ਦੋ ਵੈੱਬਸਾਈਟਾਂ ਨੂੰ ਇੰਟਰਨੈੱਟ ‘ਤੇ ਭਾਰਤ ਵਿਰੋਧੀ ਪ੍ਰਚਾਰ ਤੇ ਜਾਲੀ ਖ਼ਬਰਾਂ ਫੈਲਾਉਣ ਕਾਰਨ ਬਲਾਕ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਚੈਨਲਾਂ ਦੁਆਰਾ ਪੋਸਟ ਕੀਤੀ ਗਈ ਜ਼ਿਆਦਾਤਰ ਸਮੱਗਰੀ “ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਸੰਵੇਦਨਸ਼ੀਲ ਵਿਸ਼ਿਆਂ ਨਾਲ ਸਬੰਧਤ ਹੈ ਅਤੇ ਅਸਲ ‘ਚ ਗਲਤ ਹੈ।”
ਦੱਸ ਦਈਏ ਕਿ ਯੂਟਿਊਬ ਚੈਨਲਾਂ ਅਤੇ ਵੈੱਬਸਾਈਟਾਂ ਨੂੰ ਬਲੌਕ ਕਰਨ ਦਾ ਫੈਸਲਾ ਮੰਤਰਾਲੇ ਨੇ ਖੁਫੀਆ ਏਜੰਸੀਆਂ ਨਾਲ ਤਾਲਮੇਲ ਕਰਕੇ ਲਿਆ ਹੈ। ਸੂਚਨਾ ਮੰਤਰਾਲੇ ਦੇ ਮੁਤਾਬਿਕ ਬਲੌਕ ਕੀਤੇ ਗਏ ਚੈਨਲ ਤੇ ਵੈੱਬਸਾਈਟਾਂ ਪਾਕਿਸਤਾਨ ਦੇ ਤਾਲਮੇਲ ਵਾਲੇ ਨੈੱਟਵਰਕ ਨਾਲ ਸਬੰਧਤ ਹਨ ਤੇ ਕਸ਼ਮੀਰ, ਭਾਰਤੀ ਫੌਜ, ਰਾਮ ਮੰਦਰ, ਘੱਟ ਗਿਣਤੀ ਭਾਈਚਾਰਿਆਂ ਅਤੇ ਸੀਡੀਐੱਸ ਜਨਰਲ ਬਿਪਿਨ ਰਾਵਤ ਸਮੇਤ ਭਾਰਤ ਨਾਲ ਸਬੰਧਤ ਹੋਰ ਵੱਖ-ਵੱਖ ਸੰਵੇਦਨਸ਼ੀਲ ਵਿਸ਼ਿਆਂ ‘ਤੇ ਵੰਡੀਆਂ ਪਾਉਣ ਵਾਲੀਆਂ ਸਮੱਗਰੀਆਂ ਪੋਸਟ ਕਰਦੀਆਂ ਸਨ।
ਇਸ ਤੋਂ ਇਲਾਵਾ ਪਾਕਿਸਤਾਨ-ਅਧਾਰਤ ਦਿ ਨਯਾ ਪਾਕਿਸਤਾਨ ਗਰੁੱਪ (ਐੱਨਪੀਜੀ) ਦੇ ਯੂਟਿਊਬ ਚੈਨਲਾਂ ਦਾ ਇਕ ਨੈੱਟਵਰਕ ਤੇ ਕੁਝ ਹੋਰ ਸਟੈਂਡਅਲੋਨ ਚੈਨਲ, 35 ਲੱਖ ਤੋਂ ਵੱਧ ਦੇ ਸੰਯੁਕਤ ਗਾਹਕ ਅਧਾਰ ਦੇ ਨਾਲ, ਵਿਗਾੜ ਦੀ ਮੁਹਿੰਮ ਵਿੱਚ ਸ਼ਾਮਲ ਸਨ। ਮੰਤਰਾਲੇ ਨੇ ਕਿਹਾ ਕਿ ਨਯਾ ਪਾਕਿਸਤਾਨ ਸਮੂਹ ਦੇ ਕੁਝ ਯੂ-ਟਿਊਬ ਚੈਨਲਾਂ ਨੂੰ “ਪਾਕਿਸਤਾਨੀ ਨਿਊਜ਼ ਚੈਨਲਾਂ ਦੇ ਐਂਕਰ” ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ।