`ਆਪ` ਲੀਡਰਸ਼ਿਪ ਦਾ ਹਰ ਸ਼ਬਦ ਝੂਠ ਦਾ ਪੁਲੰਦਾ : ਮੁੱਖ ਮੰਤਰੀ
• ਆਪਣੇ ਨਾਨਕੇ ਪਿੰਡ ਬਾਰੇ ਕੂੜ ਪ੍ਰਚਾਰ ਲਈ `ਆਪ` ਲੀਡਰਸ਼ਿਪ ਦੀ ਕੀਤੀ ਨਿੰਦਾ
ਸ੍ਰੀ ਚਮਕੌਰ ਸਾਹਿਬ, 20 ਦਸੰਬਰ 2021 : `ਆਪ` ਲੀਡਰਸ਼ਿਪ ਵੱਲੋਂ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਨਾਨਕੇ ਪਿੰਡ ਮਕੜੌਨਾਂ ਕਲਾਂ ਦੇ ਸਕੂਲ ਦਾ ਦੌਰਾ ਕੀਤਾ ਅਤੇ ਵਿਖਾਇਆ ਕਿ ਇਸ ਸਕੂਲ ਵਿੱਚ ਸਾਰੀਆਂ ਸਹੂਲਤਾਂ ਹੋਣ ਦੇ ਨਾਲ ਨਾਲ ਇਹ ਸੂਬੇ ਦੇ ਸਰਵੋਤਮ ਸਕੂਲਾਂ ਵਿੱਚੋਂ ਇੱਕ ਹੈ।
ਮੁੱਖ ਮੰਤਰੀ ਨੇ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਦੌਰਾਨ ਉਸ ਸਕੂਲ ਦਾ ਮੁਆਇਨਾ ਕੀਤਾ ਜਿੱਥੋਂ `ਆਪ` ਲੀਡਰਸ਼ਿਪ ਵੱਲੋਂ ਪੰਜਾਬ ਦੇ ਸਕੂਲਾਂ ਦੀ ਹਾਲਤ ਬਾਰੇ ਝੂਠੀ ਮੁਹਿੰਮ ਚਲਾਈ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਕੂਲ ਲਈ ਪਹਿਲਾਂ 50 ਲੱਖ ਰੁਪਏ ਦੇਣ ਤੋਂ ਇਲਾਵਾ 70 ਲੱਖ ਰੁਪਏ ਦੀ ਐਸਟ੍ਰੋਟਰਫ ਵਿਛਾਈ ਜਾ ਰਹੀ ਹੈ।
`ਆਪ` ਲੀਡਰਸ਼ਿਪ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਨੇ ਆਪ ਦੀ ਬਾਹਰੀ ਲੀਡਰਸ਼ਿਪ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੇ ਫਰਜ਼ੀ `ਦਿੱਲੀ ਮਾਡਲ` ਦੇ ਕਿਸੇ ਵੀ ਸਕੂਲ ਦੇ ਮੁਕਾਬਲੇ ਇਸ ਸਕੂਲ ਵਿੱਚ ਸਭ ਤੋਂ ਵਧੀਆ ਬੁਨਿਆਦੀ ਢਾਂਚਾ, ਕੰਪਿਊਟਰ ਲੈਬ, ਲਾਇਬ੍ਰੇਰੀ, ਐਜੂਸੈਟ ਦੀ ਔਨਲਾਈਨ ਸਹੂਲਤ ਅਤੇ ਆਧੁਨਿਕ ਪ੍ਰੋਜੈਕਟਰ ਰੂਮ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਇਸੇ ਸਕੂਲ ਦਾ ਦੌਰਾ ਕੀਤਾ ਗਿਆ ਸੀ, ਜਿਨ੍ਹਾਂ ਨੇ ਸਟੋਰ ਰੂਮ ਦਿਖਾ ਕੇ ਸਕੂਲ ਦੀ ਮਾੜੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਸਟੋਰ ਰੂਮ ਵੀ ਬਿਹਤਰ ਹਾਲਤ ਵਿੱਚ ਸੀ ਪਰ ਸਿਸੋਦੀਆ ਨੇ ਆਪਣੇ ਝੂਠ ਨੂੰ ਸਾਬਤ ਕਰਨ ਲਈ ਸਕੂਲ ਖਿਲਾਫ ਕੋਈ ਠੋਸ ਗਲਤੀ ਨਾ ਲੱਭਣ `ਤੇ ਕਮਰੇ ਦੀਆਂ ਲਾਈਟਾਂ ਬੰਦ ਕਰਕੇ ਇਹ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਚੰਨੀ ਨੇ ਕਿਹਾ, “ਇਸ ਨਾਲ `ਆਪ` ਦੇ ਸੂਬੇ ਤੋਂ ਬਾਹਰਲੇ ਵਿਅਕਤੀਆਂ ਦੁਆਰਾ ਸੱਤਾ ਹਾਸਲ ਕਰਨ ਦੀ ਲਾਲਸਾ ਵਿੱਚ ਫੈਲਾਏ ਜਾ ਰਹੇ ਝੂਠ ਦਾ ਪਰਦਾਫਾਸ਼ ਹੁੰਦਾ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਦੇ ਆਗੂ ਸੱਤਾ ਹਥਿਆਉਣ ਲਈ ਤਰਲੋ-ਮੱਛੀ ਹੋ ਰਹੇ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਇਨ੍ਹਾਂ ਦੇ ਨਾਪਾਕ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ।ਉਨ੍ਹਾਂ ਨੇ `ਆਪ` ਆਗੂਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਸੂਬੇ ਦੀ ਸਿੱਖਿਆ ਅਤੇ ਸਿਹਤ ਪ੍ਰਣਾਲੀ, ਜੋ ਦੇਸ਼ ਵਿੱਚ ਸਭ ਤੋਂ ਬਿਤਹਰ ਹਨ, ਬਾਰੇ ਝੂਠੀਆਂ ਖ਼ਬਰਾਂ ਫੈਲਾਉਣ ਤੋਂ ਗੁਰੇਜ਼ ਕਰਨ।ਮੁੱਖ ਮੰਤਰੀ ਚੰਨੀ ਨੇ `ਆਪ` ਆਗੂਆਂ ਨੂੰ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਆਂ `ਚ ਨੁਕਸ ਕੱਢਣ ਦੀ ਬਜਾਏ ਦਿੱਲੀ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ `ਤੇ ਧਿਆਨ ਦੇਣ, ਜਿੱਥੇ ਲੋਕ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ ਦੁਖੀ ਹਨ।