ਸਾਹਿਬਜ਼ਾਦਿਆ ਦੇ ਸ਼ਹੀਦੀ ਜੋੜ ਮੇਲ ਸਬੰਧੀ ਸਿੱਖਿਆ ਮੰਤਰੀ ਵੱਲੋਂ ਅਹਿਮ ਐਲਾਨ

0

ਸੂਬੇ ਦੇ ਸਮੂਹ ਸਰਕਾਰੀ ਤੇ ਪ੍ਰਾਈਵੇਟ ਵਿਦਿਅਕ ਅਦਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਕਰਵਾਉਣ- ਪਰਗਟ ਸਿੰਘ

· ਸਕੂਲ ਸਿੱਖਿਆ ਵਿਭਾਗ ਦੇ ਐਜੂਸੈਟ ਉਤੇ ਸ਼ਹੀਦੀ ਜੋੜ ਮੇਲ ਦੀ ਮਹਾਨਤਾ ਬਾਰੇ ਲੈਕਚਰ ਕਰਵਾਇਆ ਜਾਵੇਗਾ

ਚੰਡੀਗੜ੍ਹ, 20 ਦਸੰਬਰ 2021 : ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਬੰਸ ਦੀ ਲਾਸਾਨੀ ਕੁਰਬਾਨੀ ਬਾਰੇ ਨਵੀਂ ਪੀੜ੍ਹੀ ਨੂੰ ਜਾਣੂੰ ਕਰਵਾਉਣ ਲਈ ਅਹਿਮ ਐਲਾਨ ਕਰਦੇ ਹੋਏ ਪੰਜਾਬ ਦੇ ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸੂਬੇ ਦੇ ਸਮੂਹ ਵਿਦਿਅਕ ਅਦਾਰਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸੈਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਐਜੂਸੈਟ ਰਾਹੀਂ ਉੱਘੀ ਸਖਸ਼ੀਅਤ ਵੱਲੋਂ ਸ਼ਹੀਦੀ ਜੋੜ ਮੇਲ ਦੀ ਮਹਾਨਤਾ ਬਾਰੇ ਲੈਕਚਰ ਕਰਵਾਇਆ ਜਾਵੇਗਾ ਜਿਸ ਨਾਲ ਸਿੱਧੇ ਤੌਰ ਉਤੇ ਪੰਜਾਬ ਦੇ ਵਿਦਿਆਰਥੀ ਜੁੜਨਗੇ।

ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਸ. ਪਰਗਟ ਸਿੰਘ ਨੇ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪੋਹ ਦੇ ਸਰਦ ਮਹੀਨੇ ਵਾਪਰੀਆਂ ਮਹਾਨ ਘਟਨਾਵਾਂ ਵਿੱਚ ਜਬਰ ਜ਼ੁਲਮ ਵਿਰੁੱਧ ਡਟਣ ਅਤੇ ਧਰਮ ਦੀ ਖਾਤਰ ਆਪਾਂ ਵਾਰਨ ਦਾ ਇਤਿਹਾਸ ਸਮੋਇਆ ਹੋਇਆ ਹੈ ਜਿਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਜਾਣੂੰ ਕਰਵਾਉਣਾ ਸਾਡਾ ਇਖਲਾਕੀ ਫਰਜ਼ ਬਣਦਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਸਾਡੇ ਇਤਿਹਾਸ ਦੀਆਂ ਮਹਾਨ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਤੋਂ ਜਾਣੂੰ ਹੋ ਕੇ ਸੇਧ ਲੈ ਸਕੇ।

ਸਿੱਖਿਆ ਮੰਤਰੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਦੀ ਉਦਾਹਰਨ ਦੁਨੀਆਂ ਵਿੱਚ ਕਿਤੇ ਨਹੀਂ ਮਿਲਦੀ। ਇਹ ਘਟਨਾਵਾਂ ਸਾਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਦਿੰਦੀ ਹੈ।

ਸ. ਪਰਗਟ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਾਰੇ ਵਿਦਿਅਕ ਅਦਾਰੇ ਆਪੋ-ਆਪਣੀਆਂ ਸੰਸਥਾਵਾਂ ਵਿੱਚ ਕਿਸੇ ਇਕ ਦਿਨ ਘੱਟੋ-ਘੱਟ ਇੱਕ ਘੰਟੇ ਦਾ ਪ੍ਰੋਗਰਾਮ ਕਰਕੇ ਬੱਚਿਆਂ ਨੂੰ ਉਨ੍ਹਾਂ ਦੀ ਜੀਵਨੀ ਤੋਂ ਜਾਣੂ ਕਰਵਾਉਣ।ਇਸ ਸੰਬੰਧੀ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲ਼ਾਂ ਨੂੰ ਬਾਕਾਇਦਾ ਪੱਤਰ ਜਾਰੀ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਨ੍ਹਾਂ ਦੇ ਸਮੁੱਚੇ ਪਰਿਵਾਰ, ਖ਼ਾਸ ਕਰਕੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਆਖਿਆ ਗਿਆ ਅਤੇ 23 ਦਸੰਬਰ ਤੱਕ ਇਕ ਘੰਟੇ ਦਾ ਪ੍ਰੋਗਰਾਮ ਕਰਵਾਇਆ ਜਾਵੇ। ਇਹ ਪ੍ਰੋਗਰਾਮ ਭਾਸ਼ਣ ਮੁਕਾਬਲੇ, ਸ਼ਬਦ ਗਾਇਨ, ਕੁਇਜ਼ ਅਤੇ ਪੇਂਟਿੰਗ ਦੇ ਕਰਵਾਏ ਜਾਣ।

ਸ. ਪਰਗਟ ਸਿੰਘ ਨੇ ਇਸ ਸਬੰਧੀ ‘ਜੀਵਤ ਕਈ ਹਜ਼ਾਰ’ ਨਾਂ ਦੇ ਪ੍ਰਾਜੈਕਟ ਦਾ ਪੋਸਟਰ ਵੀ ਰਿਲੀਜ਼ ਕੀਤਾ।

About The Author

Leave a Reply

Your email address will not be published. Required fields are marked *