ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਘਟਨਾ ਦੀ ਦੋ ਦਿਨਾਂ ਵਿਚ ਪੇਸ਼ ਕੀਤੀ ਜਾਵੇਗੀ ਰਿਪੋਰਟ : ਰੰਧਾਵਾ

0

ਡੀ.ਸੀ.ਪੀ.ਲਾਅ ਐਡ ਆਰਡਰ ਦੀ ਅਗਵਾਈ ਵਿਚ ਬਣਾਈ ਸਿੱਟ

ਉਪ ਮੁੱਖ ਮੰਤਰੀ ਨੇ ਪੁਲਿਸ ਲਾਇਨ ਅੰਮ੍ਰਿਤਸਰ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਧਾਰਾ 295 ਏ. ਲਈ ਕੇਂਦਰ ਨੂੰ ਪੱਤਰ ਲਿਖਿਆ ਜਾਵੇਗਾ : ਰੰਧਾਵਾ

ਅੰਮ੍ਰਿਤਸਰ, 19 ਦਸੰਬਰ 2021 :  ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਹਿਰਦੇਵੇਦਕ ਘਟਨਾ ਨੂੰ ਅਤਿ ਨਿੰਦਣਯੋਗ ਦੱਸਦਿਆਂ ਇਸ ਦੀ ਸਖਤ ਨਿੰਦਿਆ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਜਾਂਚ ਲਈ ਡੀ.ਸੀ.ਪੀ. ਲਾਅ ਐਡ ਆਰਡਰ ਦੀ ਅਗਵਾਈ ਵਿਚ ਸਿੱਟ ਬਣਾ ਦਿੱਤੀ ਹੈ ਅਤੇ ਇਹ ਸਿੱਟ ਇਸ ਘਟਨਾ ਸਬੰਧੀ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।

ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਇਸ ਮੰਦਭਾਗੀ ਘਟਨਾ ਦੇ ਸੰਦਰਭ ਵਿੱਚ ਪੁਲਿਸ ਲਾਇਨ ਅੰਮ੍ਰਿਤਸਰ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਆਈ.ਜੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਖਹਿਰਾ, ਐਸ.ਐਸ.ਪੀ ਦਿਹਾਤੀ ਸ਼੍ਰੀ ਰਾਕੇਸ਼ ਕੌਸ਼ਲ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਤਰਫੋਂ ਸ ਰਜਿੰਦਰ ਸਿੰਘ ਮਹਿਤਾ, ਹਰਜਾਪ ਸਿੰਘ ਸੁਲਤਾਨਵਿੰਡ ਤੇ ਸੁਖਦੇਵ ਸਿੰਘ ਭੂਰਾਕੋਨਾ ਵੀ ਹਾਜ਼ਰ ਸਨ।

ਸ. ਰੰਧਾਵਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਸ ਘਟਨਾ ਦੀ ਡੂੰਘਾਈ ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਅਤੇ ਇਸ ਘਟਨਾ ਦੇ ਹਰ ਪਹਿਲੂ ਉਤੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।

ਸ. ਰੰਧਾਵਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਰੀਬ ਸਵੇਰੇ 11.30 ਵਜੇ ਤੋਂ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਸੀ ਅਤੇ ਪਰਿਕਰਮਾ ਵਿੱਚ ਲੇਟਿਆ ਰਿਹਾ ਜਿਸ ਤੋਂ ਲੱਗਦਾ ਹੈ ਕਿ ਉਹ ਕਿਸੇ ਨਿਸ਼ਾਨੇ ਨਾਲ ਹੀ ਇਥੇ ਆਇਆ ਹੋਇਆ ਸੀ। ਬੇਅਦਬੀ ਘਟਨਾ ਦੇ ਦੋਸ਼ੀ ਦੀ ਅਜੇ ਤੱਕ ਕੋਈ ਸ਼ਨਾਖਤ ਨਹੀ ਹੋਈ ਹੈ ਅਤੇ ਦੋਸ਼ੀ ਦਾ ਪੋਸਟ ਮਾਰਟਮ ਵੀ ਜਲਦ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਹਰ ਬਜ਼ਾਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਘੋਖਿਆ ਜਾ ਰਿਹਾ ਹੈ ਕਿ ਦੋਸ਼ੀ ਕਿਸ ਰਸਤੇ ਤੋਂ ਆਇਆ ਅਤੇ ਇਸ ਦੇ ਨਾਲ ਹੋਰ ਕੌਣ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਮਿਲ ਕੇ ਇਸ ਘਟਨਾ ਦੀ ਪੂਰੀ ਜਾਂਚ ਕਰੇਗੀ।

ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਪੁਲਿਸ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੇ ਸਾਰੇ ਗੁਰਦੁਆਰਿਆਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ ਅਤੇ ਇਹ ਸਾਰੇ ਕੰਮ ਕਰਦੇ ਹੋਣ। ਇਕ ਸਵਾਬ ਦੇ ਜਵਾਬ ਵਿਚ ਸ. ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਗਿਆ ਤੋ ਬਿਨਾਂ ਪੁਲਿਸ ਸ੍ਰੀ ਦਰਬਾਰ ਸਾਹਿਬ ਵਿਖੇ ਦਾਖਲ ਨਹੀਂ ਹੋ ਸਕਦੀ।

ਸ. ਰੰਧਾਵਾ ਨੇ ਕਿਹਾ ਕਿ ਡੀਜੀਪੀ ਅਤੇ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਾਰੇ ਧਾਰਮਿਕ ਅਸਥਾਨਾਂ ਗੁਰਦੁਆਰਿਆਂ, ਮੰਦਿਰਾਂ, ਮਸਜਿਦ ਤੇ ਗਿਰਜਾ ਘਰਾਂ ਦੇ ਨੇੜੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਤੋਂ ਇਲਾਵਾ ਸਾਰੇ ਧਾਰਮਿਕ ਅਸਥਾਨਾਂ ਅਤੇ ਪਵਿੱਤਰ ਗ੍ਰੰਥਾਂ ਦੀ ਸੀ.ਸੀ.ਟੀ.ਵੀ. ਫੁਟੇਜ ਯਕੀਨੀ ਬਣਾਉਣ ਦੇ ਨਾਲ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਸਥਾਪਤ ਕਰ ਕੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਉਹ ਅਸਥਾਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਸੁਸ਼ੋਭਿਤ ਹਨ, ਉੱਥੇ ਕੋਈ ਨਾ ਕੋਈ ਜ਼ਰੂਰ ਮੌਜੂਦ ਹੋਵੇ।

ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਸਾਲ 2018 ਵਿਚ ਹੀ ਧਾਰਾ 295 ਵਿਚ ਸੋਧ ਕਰਕੇ 295 ਏ ਧਾਰਾ ਜੋੜਨ ਲਈ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਪਰ ਅਜੇ ਤੱਕ ਇਸ ਸਬੰਧੀ ਕੇੰਦਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਧਾਰਾ 295 ਏ ਅਧੀਨ ਜੇਕਰ ਕੋਈ ਵਿਅਕਤੀ ਕਿਸੇ ਵੀ ਧਰਮ ਦੀ ਬੇਅਦਬੀ ਕਰਦਾ ਹੈ ਤਾਂ ਉਸ ਨੂੰ 10 ਸਾਲ ਦੀ ਸਖ਼ਤ ਸਜ਼ਾ ਦਾ ਪ੍ਰਾਵਧਾਨ ਹੈ। ਉਨ੍ਹਾਂ ਕਿਹਾ ਕਿ ਉਹ ਮੁੜ ਇਸ ਸਬੰਧੀ ਕੇਂਦਰ ਨੂੰ ਪੱਤਰ ਲਿਖਣਗੇ ਕਿ ਇਸ ਧਾਰਾ ਨੂੰ ਪਾਸ ਕੀਤਾ ਜਾਵੇ।

ਸ. ਰੰਧਾਵਾ ਨੇ ਕਿਹਾ ਕਿ ਸਾਰੇ ਪੰਜਾਬੀ ਆਪਸੀ ਭਾਈਚਾਰਕ ਸਾਂਝ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਡੱਟ ਕੇ ਮੁਕਾਬਲਾ ਕਰਨਗੇ ਅਤੇ ਕਿਸੇ ਨੂੰ ਵੀ ਹਾਲਤ ਵਿੱਚ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਹੋਣ ਨਹੀਂ ਦੇਵਾਂਗੇ।

About The Author

Leave a Reply

Your email address will not be published. Required fields are marked *

You may have missed