1971 ਦੀ ਜੰਗ ਵਿਚ ਜਿੱਤ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਵਿਜੈ ਦਿਵਸ
- ਫਾਜਿ਼ਲਕਾ ਵਾਸੀਆਂ ਦਾ ਸੈਨਾ ਨਾਲ ਸਬੰਧ ਅਟੁੱਟ-ਲੈਫ : ਜਨਰਲ ਜੇ ਬੀ ਚੌਧਰੀ
- ਸ਼ਹੀਦੋਂ ਕੀ ਸਮਾਧੀ ਕਮੇਟੀ ਦੀ ਅਗਵਾਈ ਵਿਚ ਸ਼ਹੀਦਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ ਦਾ ਸਨਮਾਨ
ਫਾਜਿ਼ਲਕਾ, 17 ਦਸੰਬਰ 2021 : ਅਜਾਦੀ ਕਾ ਅੰਮ੍ਰਿਤਉਤਸਵ ਤਹਿਤ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀ ਜਿੱਤ ਦੇ ਗੋਲਡਨ ਜ਼ੁਬਲੀ ਸਾਲ ਦੇ ਜ਼ਸਨਾਂ ਦੀ ਲੜੀ ਤਹਿਤ ਅੱਜ ਆਸਫਵਾਲਾ ਵਿਖੇ ਸ਼ਹੀਦਾਂ ਦੀ ਯਾਦਗਾਰ ਵਿਖੇ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਰਤੀ ਫੌਜ, ਜਿ਼ਲ੍ਹਾ ਪ੍ਰਸ਼ਾਸਨ ਅਤੇ ਸ਼ਹੀਦੋਂ ਕੀ ਸਮਾਧੀ ਕਮੇਟੀ ਵੱਲੋਂ ਦੇਸ਼ ਲਈ ਸਰਵਉਚ ਬਲਿਦਾਨ ਦੇਣ ਵਾਲੇ ਬਹਾਦਰ ਯੋਧਿਆਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ।ਇੱਥੇ ਜਿਕਰਯੋਗ ਹੈ ਕਿ 1971 ਦੀ ਭਾਰਤ ਪਾਕਿ ਜੰਗ ਵਿਚ ਇੱਥੇ ਫੌਜ਼ ਦੇ 209 ਅਫਸਰਾਂ ਤੇ ਜਵਾਨਾਂ ਨੇ ਦੇਸ਼ ਲਈ ਆਪਣੀ ਸ਼ਹਾਦਤ ਦੇ ਕੇ ਆਪਣੀ ਮਾਤ ਭੂਮੀ ਦੀ ਰੱਖਿਆ ਕੀਤੀ ਸੀ ਅਤੇ ਇਸ ਦਿਨ ਹਰ ਸਾਲ ਇੰਨ੍ਹਾਂ ਮਹਾਨ ਸ਼ਹੀਦਾਂ ਨੂੰ ਫਾਜਿ਼ਲਕਾ ਦੇ ਲੋਕ ਨਮਨ ਕਰਦੇ ਹਨ।
ਇਸ ਮੌਕੇ ਲੈਫ: ਜਨਰਲ ਜੇ ਬੀ ਚੌਧਰੀ ਸੇਵਾ ਮੈਡਮ, ਵਸੀ਼ਸਟ ਸੇਵਾ ਮੈਡਲ, ਮੇਜਰ ਜਨਰਲ ਵਿਰਕਮ ਵਰਮਾ, ਬ੍ਰਿਗੇਡੀਅਰ ਹਰਦੀਪ ਸਿੰਘ, ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ, ਸ਼ਹੀਦੋਂ ਕੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਸਮੇਤ ਸਾਬਕਾ ਫੌਜੀਆਂ ਅਤੇ ਜਿ਼ਲ੍ਹੇ ਦੇ ਲੋਕਾਂ ਨੇ ਸ਼ਹੀਦਾਂ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਬੋਲਦਿਆਂ ਲੈਫ: ਜਨਰਲ ਜੇ ਬੀ ਚੌਧਰੀ ਨੇ ਕਿਹਾ ਕਿ ਫਾਜਿ਼ਲਕਾ ਵਾਸੀਆਂ ਦਾ ਸੈਨਾ ਨਾਲ ਅਟੁੱਟ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਵਾਸੀਆਂ ਦੇ ਮਨਾਂ ਵਿਚ ਅੱਜ ਵੀ ਦੇਸ਼ ਅਤੇ ਫੌਜ਼ ਪ੍ਰਤੀ 1971 ਵਾਲਾ ਜਜਬਾ ਬਰਕਰਾਰ ਹੈ। ਉਨ੍ਹਾਂ ਨੇ ਕਿਹਾ ਕਿ ਫੌਜ਼ ਨੂੰ ਫਾਜਿ਼ਲਕਾ ਵਾਸੀਆਂ ਤੇ ਫਖ਼ਰ ਹੈ ਜ਼ੋ ਹਮੇਸਾ ਭਾਰਤੀ ਫੌਜ਼ ਨਾਲ ਮੋਢੇ ਨਾ ਮੋਢਾ ਜੋੜ ਕੇ ਚਲਦੇ ਹਨ।
ਮੇਜਰ ਜਨਰਲ ਵਿਕਰਮ ਵਰਮਾ ਨੇ ਕਿਹਾ ਕਿ ਇਹ ਯਾਦਗਾਰ ਨਵੀਂ ਪੀੜੀ ਲਈ ਪ੍ਰੇਰਣਾ ਸ਼ੋ੍ਰਤ ਹੈ। ਉਨ੍ਹਾਂ ਨੇ ਇਸ ਮੌਕੇ 1971 ਦੇ ਜੰਗ ਦੇ ਸ਼ਹੀਦਾਂ, ਵੀਰ ਨਾਰੀਆਂ ਅਤੇ ਸਾਬਕਾ ਫੌਜੀਆਂ ਨੂੰ ਵਿਸੇਸ਼ ਤੌਰ ਤੇ ਨਮਨ ਕੀਤਾ। ਇਸ ਮੌਕੇ ਰਿਟਾ: ਕਰਨਲ ਐਮ ਐਸ ਗਿੱਲ ਨੇ 1971 ਦੀ ਜੰਗ ਦੇ ਤਜਰਬੇ ਸਾਂਝੇ ਕੀਤੇ ਅਤੇ ਦੱਸਿਆ ਕਿ ਦੇਸ਼ ਲਈ ਆਪਾਂ ਵਾਰਨ ਵਾਲਿਆਂ ਵਿਚ ਦੇਸ਼ ਦੀ ਰੱਖਿਆ ਦਾ ਜਜਬਾ ਕਿੰਨਾ ਮਜਬੂਤ ਸੀ। ਸ਼ਹੀਦੋਂ ਕੀ ਸਮਾਧੀ ਕਮੇਟੀ ਦੇ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਨੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇੱਥੇ 71 ਫੁੱਟ ਉੱਚਾ ਵਿਜੈ ਸੰਤਭ ਵੀ ਬਣਾਇਆ ਜਾ ਰਿਹਾ ਹੈ।
ਮੰਚ ਸੰਚਾਲਨ ਸ੍ਰੀ ਪ੍ਰਫੁਲ ਚੰਦਰ ਨਾਗਪਾਲ ਨੇ ਕੀਤਾ। ਇਸ ਮੌਕੇ ਸਾਬਕਾ ਸੈਨਿਕਾਂ ਵਿਚੋਂ ਰਿਟਾ: ਬ੍ਰਿਗੇਡੀਅਰ ਐਮ ਐਸ ਬੈਨੀਵਾਲ, ਕੈਪਟਨ ਦਿਲਬਾਗ ਸਿੰਘ, ਸੂਬੇਦਾਰ ਰੱਤੀਰਾਮ ਤੋਂ ਇਲਾਵਾ ਜਿ਼ਲ੍ਹਾ ਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ, ਬੀਐਲ ਸਿੱਕਾ, ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁੁਖਬੀਰ ਸਿੰਘ ਬੱਲ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤਹਿਸੀਲਦਾਰ ਸ੍ਰੀ ਰਾਕੇਸ਼ ਅਗਰਵਾਲ, ਸ੍ਰੀ ਸ਼ਸੀਕਾਂਤ, ਸ੍ਰੀ ਆਸੀਸ ਪੁਪਨੇਜਾ, ਊਮਾ ਸ਼ਰਮਾ, ਸ੍ਰੀ ਰਵੀ ਨਾਗਪਾਲ, ਸ੍ਰੀ ਪਵਨ ਭਠੇਜਾ ਆਦਿ ਸਮੇਤ ਜਿ਼ਲ੍ਹੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।