ਪੰਜਾਬ ਵਿਧਾਨ ਸਭਾ ਚੋਣਾਂ 2022: ਹਰੇਕ 50 ਘਰਾਂ ਪਿੱਛੇ ਇੱਕ ਚੋਣ ਮਿੱਤਰ ਵੋਟਰਾਂ ਨੂੰ ਕਰਨਗੇ ਜਾਗਰੂਕ

0

ਮੁੱਖ ਚੋਣ ਅਫ਼ਸਰ ਵੱਲੋਂ ਡੀ.ਈ.ਓਜ਼ ਨੂੰ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਚੋਣ ਮਿੱਤਰ ਨਿਯੁਕਤ ਕਰਨ ਦੇ ਨਿਰਦੇਸ਼

ਹਰੇਕ ਜ਼ਿਲ੍ਹੇ ਵਿੱਚ ਤਿੰਨ ਸਰਬੋਤਮ ਚੋਣ ਮਿੱਤਰਾਂ ਨੂੰ ਮਿਲੇਗਾ ਨਕਦ ਇਨਾਮ

ਚੰਡੀਗੜ੍ਹ, 14 ਦਸੰਬਰ 2021 :  ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਇੱਕ ਹੋਰ ਵਿਲੱਖਣ ਪਹਿਲਕਦਮੀ ਕਰਦਿਆਂ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓਜ਼) ਨੂੰ ਵੋਟਰਾਂ ਦੀ ਸਹੂਲਤ ਲਈ ਸਬੰਧਤ ਜ਼ਿਲ੍ਹਿਆਂ ਵਿੱਚ ਆਪਣੇ ਪੱਧਰ `ਤੇ `ਚੋਣ ਮਿੱਤਰ` ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸੀਈਓ ਪੰਜਾਬ ਨੇ ਸਾਰੇ ਡੀਈਓਜ਼ ਨੂੰ ਲਿਖੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਚੋਣ ਮਿੱਤਰ, ਜੋ ਕਿ ਬੂਥ ਲੈਵਲ ਅਫਸਰ (ਬੀਐਲਓ) ਦੇ ਸਹਾਇਕ ਵਜੋਂ ਕੰਮ ਕਰੇਗਾ, ਕੋਲ ਘੱਟੋ-ਘੱਟ 50 ਘਰਾਂ ਦੀ ਜ਼ਿੰਮੇਵਾਰੀ ਹੋਵੇਗੀ। ਚੋਣ ਮਿੱਤਰ ਇਹ ਯਕੀਨੀ ਬਣਾਉਣਗੇ ਕਿ ਮਨੋਨੀਤ ਘਰਾਂ ਦਾ ਹਰੇਕ ਯੋਗ ਮੈਂਬਰ ਵੋਟਰ ਵਜੋਂ ਰਜਿਸਟਰਡ ਹੋਵੇ ਅਤੇ ਇਹ ਵੀ ਯਕੀਨੀ ਬਣਾਏਗਾ ਕਿ ਉਹ ਆਪਣੀ ਵੋਟ ਦੀ ਵਰਤੋਂ ਕਰਨ।

ਡਾ. ਰਾਜੂ ਨੇ ਕਿਹਾ “ਇਸ ਤੋਂ ਇਲਾਵਾ ਚੋਣ ਮਿਤਰ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕਰਨਗੇ ਅਤੇ ਵੋਟਰਾਂ, ਖਾਸ ਕਰਕੇ ਬਜ਼ੁਰਗਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ (ਪੀਡਬਲਯੂਡੀ) ਵੋਟਰਾਂ ਦੀ ਸਹਾਇਤਾ ਕਰਨਗੇ।” ਉਨ੍ਹਾਂ ਦੱਸਿਆ ਕਿ ਚੋਣ ਮਿੱਤਰਾਂ ਨੂੰ ਵਿਸ਼ੇਸ਼ ਕੈਪ ਅਤੇ ਆਈਡੀ ਕਾਰਡ ਦਿੱਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਕਾਰਗੁਜ਼ਾਰੀ ਦੇ ਆਧਾਰ `ਤੇ ਜ਼ਿਲ੍ਹਾ ਪੱਧਰ `ਤੇ ਸਰਬੋਤਮ ਤਿੰਨ ਚੋਣ ਮਿੱਤਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਕ੍ਰਮਵਾਰ 10,000, 7,500 ਅਤੇ 5,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

ਇਸ ਦੌਰਾਨ, ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰ `ਤੇ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਦੇ ਅਧਿਕਾਰ ਬਾਰੇ ਜਾਗਰੂਕ ਕੀਤਾ ਜਾ ਸਕੇ। ਗਤੀਵਿਧੀਆਂ ਵਿੱਚ ਗੁਰਦੁਆਰਿਆਂ ਰਾਹੀਂ ਡਿਪਟੀ ਕਮਿਸ਼ਨਰ ਦਾ ਸੁਨੇਹਾ, ਪਿੰਡਾਂ ਅਤੇ ਪੋਲਿੰਗ ਸਟੇਸ਼ਨਾਂ ਦੇ ਖੇਤਰਾਂ ਵਿੱਚ ਟਰੈਕਟਰ ਰੈਲੀਆਂ, ਵਿਦਿਆਰਥੀ ਰੈਲੀਆਂ, ਹਿਊਮਨ ਚੇਨਜ਼, ਐਨ.ਐਸ.ਐਸ/ਐਨ.ਸੀ.ਸੀ/ਐਨ.ਜੀ.ਓਜ਼/ਹੋਰ ਵਲੰਟੀਅਰਾਂ ਦੁਆਰਾ ਨੁੱਕੜ ਨਾਟਕ ਜਾਂ ਸਟਰੀਟ ਸਕਿਟਸ, ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਜਾਗਰੂਕਤਾ ਗਤੀਵਿਧੀਆਂ, ਪ੍ਰਮੁੱਖ ਸ਼ਖ਼ਸੀਅਤਾਂ ਦੀ ਸਹਾਇਤਾ ਲੈਣਾ ਅਤੇ ਬੂਥ ਚੋਣ ਸਖਰਤਾ ਆਦਿ ਸ਼ਾਮਲ ਹਨ।

About The Author

Leave a Reply

Your email address will not be published. Required fields are marked *

error: Content is protected !!