ਅਕਾਲੀ ਦਲ, ਭਾਜਪਾ ਤੇ ਅਮਰਿੰਦਰ ਸਿੰਘ ਦੀ ਪੱਕੀ ਸਾਂਝ : ਚੰਨੀ
ਬਾਦਲ ਪਰਿਵਾਰ ਤੇ ਮਜੀਠੀਆ ਦੀਆਂ ਆਪ ਹੁਦਰੀਆਂ ਕਰ ਕੇ ਅਕਾਲੀ ਦਲ ਹਾਸ਼ੀਏ ਉੱਤੇ ਪੁੱਜਾ
ਕੇਜਰੀਵਾਲ ਨੂੰ ਪੰਜਾਬ ਨੂੰ ਬਾਰੇ ਕੱਖ ਨਹੀਂ ਪਤਾ
ਪਾਇਲ (ਲੁਧਿਆਣਾ) 09 ਦਸੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਤਾਂ ਕੁਝ ਕੀਤਾ ਨਹੀਂ ਤੇ ਹੁਣ ਪੰਜਾਬ ਦੀ ਦੁਸ਼ਮਣ ਜਮਾਤ ਭਾਜਪਾ ਨਾਲ ਰਲ ਕੇ ਮੁੜ ਸੱਤਾ ਦੇ ਸੁਫ਼ਨੇ ਦੇਖ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਦਲ ਲੋਕਾਂ ਨੂੰ ਮੂਰਖ ਬਣਾਉਂਦੇ ਹਨ। ਅਕਾਲੀ ਦਲ, ਭਾਜਪਾ ਤੇ ਅਮਰਿੰਦਰ ਸਿੰਘ ਇਕੱਠੇ ਹਨ। ਉਹ ਅੱਜ ਪਾਇਲ ਦੀ ਦਾਣਾ ਮੰਡੀ ਵਿਖੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਆਏ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਅਤੇ ਬਾਦਲ ਪਰਿਵਾਰ ਤੇ ਮਜੀਠੀਆ ਦੀਆਂ ਆਪ ਹੁਦਰੀਆਂ ਕਰ ਕੇ ਅਕਾਲੀ ਦਲ ਹਾਸ਼ੀਏ ਉੱਤੇ ਪੁੱਜ ਗਿਆ ਹੈ ਤੇ ਜਦ ਤੱਕ ਸੁਖਬੀਰ ਤੇ ਮਜੀਠੀਆ ਅਕਾਲੀ ਦਲ ਵਿਚ ਹਨ ਉਦੋਂ ਤੱਕ ਅਕਾਲੀ ਦਲ ਉੱਠ ਨਹੀਂ ਸਕਦਾ। ਅਕਾਲੀ ਦਲ ਦੇ ਆਗੂਆਂ ਵੱਲੋਂ ਲੁੱਟ ਦੇ ਪੈਸੇ ਨਾਲ ਪਾਈਆਂ ਬੱਸਾਂ ਅੱਜ ਥਾਣਿਆਂ ਵਿਚ ਖੜੀਆਂ ਹਨ। ਉਹਨਾਂ ਕਿਹਾ ਕਿ ਬੇਅਦਬੀ ਦਾ ਕੇਸ ਬਹੁਤ ਸਹੀ ਤਰੀਕੇ ਨਾਲ ਹੱਲ ਕੀਤਾ ਜਾ ਰਿਹਾ ਹੈ ਤੇ ਦੋਸ਼ੀ ਬਚਣ ਨਹੀਂ ਦਿੱਤੇ ਜਾਣਗੇ ਅਤੇ ਨਾ ਹੀ ਨਸ਼ੇ ਵਾਲਿਆਂ ਨੂੰ ਛੱਡਿਆ ਜਾਵੇਗਾ।
ਕੇਜਰੀਵਾਲ ਤੇ ਤਿੱਖਾ ਵਿਅੰਗ ਕੱਸਦਿਆਂ ਸ. ਚੰਨੀ ਨੇ ਕਿਹਾ ਕਿ ਪੰਜਾਬ ਨੂੰ ਸ਼ਾਮਲਾਟ ਸਮਝ ਕੇ ਦਿੱਲੀ ਵਾਲੇ ਏਥੇ ਕਬਜ਼ਾ ਕਰਨ ਨੂੰ ਫਿਰਦੇ ਹਨ। ਇੱਥੇ ਰਾਜ ਪੰਜਾਬ ਦੇ ਆਮ ਲੋਕ ਕਰਨਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਪਿਆਰ ਦਾ ਹੀ ਨਤੀਜਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ ਉੱਥੇ ਆਮ ਲੋਕ ਵੱਧ ਚੜ੍ਹ ਕੇ ਉਹਨਾਂ ਨੂੰ ਮਿਲਣ ਪੁੱਜ ਜਾਂਦੇ ਹਨ ਜਦਕਿ ਕੇਜਰੀਵਾਲ ਤੇ ਅਕਾਲੀ ਦਲ ਦੀਆਂ ਰੈਲੀਆਂ ਵਿੱਚ ਬਿਲਕੁਲ ਇਕੱਠ ਨਹੀਂ ਹੁੰਦਾ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਦਾਅਵੇ ਤਾਂ ਵੱਡੇ ਵੱਡੇ ਕਰਦੇ ਹਨ ਪਰ ਸੱਚ ਇਹ ਹੈ ਕਿ ਉਨ੍ਹਾਂ ਨੂੰ ਪੰਜਾਬ ਬਾਰੇ ਪਤਾ ਕੁਝ ਵੀ ਨਹੀਂ ਹੈ। ਕੇਜਰੀਵਾਲ ਨੂੰ ਨਾ ਤਾਂ ਪੰਜਾਬ ਦੇ ਰਹਿਣ ਸਹਿਣ ਬਾਰੇ ਅਤੇ ਨਾ ਹੀ ਪੰਜਾਬ ਦੀਆਂ ਮੁਸ਼ਕਲਾਂ ਬਾਰੇ ਕੁਝ ਪਤਾ ਹੈ। ਉਨ੍ਹਾਂ ਕਿਹਾ ਕਿ ਲੋਕ ਅਜਿਹੇ ਬਾਹਰੀ ਆਗੂਆਂ ਨੂੰ ਬਿਲਕੁਲ ਮੂੰਹ ਨਹੀਂ ਲਾਉਣਗੇ।
ਸ. ਚੰਨੀ ਨੇ ਕਿਹਾ ਕਿ ਪੰਜਾਬ ਵਿੱਚ ਦੋ ਢਾਈ ਮਹੀਨੇ ਵਿਚ ਯੁੱਗ ਪਰਿਵਰਤਨ ਹੋ ਰਿਹਾ ਹੈ। ਲੋਕਾਂ ਵੱਲੋਂ ਸੌਂਪੀ ਸੇਵਾ ਤੋਂ ਬਾਅਦ ਉਨਾਂ ਨੇ ਉਹ ਮਸਲੇ ਹੱਲ ਕੀਤੇ ਹਨ, ਜਿਹੜੇ ਉਹਨਾਂ ਨੇ ਖੁਦ ਪਿੰਡੇ ਉੱਤੇ ਹੰਢਾਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਸਲਾਮ ਹੈ, ਜਿਸ ਵਿਚ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ ਮੋਦੀ ਦਾ ਹੰਕਾਰ ਟੁੱਟ ਗਿਆ ਤੇ ਕਾਲੇ ਕਾਨੂੰਨ ਰੱਦ ਹੋਏ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੇ ਹਨ ਤੇ ਹਲਕਾ ਪਾਇਲ ਦੇ ਵਿਕਾਸ ਸਬੰਧੀ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਰੂਟਾਂ ਦੇ ਨਵੇਂ ਪਰਮਿਟ ਨੌਜਵਾਨਾਂ ਨੂੰ ਦਿੱਤੇ ਜਾਣਗੇ। ਪੰਜਾਬ ਵਿੱਚ 2 ਕਿਲੋ ਵਾਟ ਤੱਕ ਦੇ ਕੁਨੈਕਸ਼ਨਾਂ ਦੇ 1500 ਕਰੋੜ ਰੁਪਏ ਦਾ ਬਕਾਇਆ ਮੁਆਫ਼ ਕੀਤਾ ਗਿਆ ਹੈ। ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕੀਤੀ ਗਈ ਹੈ, ਪੈਟਰੋਲ ਸਸਤਾ ਕੀਤਾ ਗਿਆ ਹੈ। ਬਿਜਲੀ ਦੇ ਅਗਲੇ ਬਿੱਲ ਜਿਹੜੇ ਆਉਣਗੇ, ਉਨ੍ਹਾ ਵਿਚ ਰੇਟ ਘੱਟ ਹੋ ਕੇ ਆਵੇਗਾ। ਪਿੰਡਾਂ ਦੀਆਂ ਪਾਣੀ ਵਾਲਿਆਂ ਮੋਟਰਾਂ ਦੇ ਬਿੱਲ ਮੁਆਫ ਕਰ ਦਿੱਤੇ ਹਨ।
ਸ. ਚੰਨੀ ਨੇ ਦੋਰਾਹਾ ਦੇ ਸੀਵਰੇਜ ਲਈ 13 ਕਰੋੜ, ਪਾਇਲ ਤੇ ਮਲੌਦ ਦੇ ਵਿਕਾਸ ਲਈ 02 -02 ਕਰੋੜ ਦੇਣ ਦਾ ਐਲਾਨ ਕੀਤਾ। ਸਿਵਲ ਹਸਪਤਾਲ ਪਾਇਲ ਵਿਚ ਪੋਸਟ ਮਾਰਟਮ ਦੀ ਸਹੂਲਤ, ਗੰਦੇ ਪਾਣੀ ਦੇ ਨਿਕਾਸ ਲਈ 40 ਲੱਖ, ਪਾਇਲ ਬੀਜਾ ਸੜਕ ਦੀ ਵਿਸ਼ੇਸ਼ ਮੁਰੰਮਤ, ਨੰਬਰਦਾਰੀ ਜੱਦੀ ਪੁਸ਼ਤੀ ਸਰਬਰਾਹੀ ਤਹਿਤ ਨਵੀਂ ਸ਼ਰਤ ਨਾਲ ਦੇਣ, ਪਾਇਲ ਮੰਡੀ ਦੇ ਸ਼ੈੱਡ ਲਈ ਗਰਾਂਟ, ਅਹਿਮਦਗੜ੍ਹ ਤੋਂ ਚੰਡੀਗੜ੍ਹ ਬਾਰਸਤਾ ਪਾਇਲ ਅਤੇ ਚਿੰਤਪੂਰਨੀ ਤੱਕ ਦਾ ਬੱਸ ਰੂਟ ਬਹਾਲ ਕਰਨ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਅਮਨ ਸ਼ਾਂਤੀ ਲਈ ਕੁਰਬਾਨੀ ਕੀਤੀ ਤੇ ਉਹਨਾਂ ਦੇ ਖੇਤਰ ਵਿਚ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਸ ਜਲਸੇ ਵਿਚ ਪੰਜਾਬ ਦੀ ਬਦਲਦੀ ਤਕਦੀਰ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਲੋਕ ਖੁਸ਼ ਨਹੀਂ ਹੋ ਜਾਂਦੇ ਓਦੋਂ ਤੱਕ ਕਾਂਗਰਸ ਪਾਰਟੀ ਟਿੱਕ ਕੇ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਆਪਣੀ ਜ਼ਿੰਮੇਵਾਰੀ ਅਤੇ ਸੇਵਾ ਤਨ ਦੇਹੀ ਨਾਲ ਨਿਭਾਈ ਹੈ ਤੇ ਹਲਕੇ ਦਾ ਵਿਕਾਸ ਕਰਵਾਇਆ ਹੈ।
ਕੈਬਿਨਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਲਈ ਇਤਿਹਾਸਕ ਫ਼ੈਸਲੇ ਕੀਤੇ ਹਨ ਤੇ ਸੂਬਾ ਤਰੱਕੀ ਦੇ ਰਾਹ ਪਿਆ ਹੈ। ਪੰਜਾਬ ਸਰਹੱਦੀ ਸੂਬਾ ਹੈ ਤੇ ਪੰਜਾਬ ਦੇ ਦੁਸ਼ਮਣ ਬਹੁਤ ਹਨ। ਪਹਿਲਾਂ ਪੰਜਾਬ ਨੂੰ ਅੱਤਵਾਦ ਦੇ ਹਨੇਰੇ ਵਿਚ ਧੱਕ ਦਿੱਤਾ ਗਿਆ ਤੇ ਅੱਜ ਕਾਂਗਰਸ ਸਦਕਾ ਪੰਜਾਬ ਵਿਚ ਅਮਨ ਸ਼ਾਂਤੀ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਦਲਿਤ ਉਪ ਮੁੱਖ ਮੰਤਰੀ ਲਾਵਾਂਗੇ ਪਰ ਉਹ ਕਦੇ ਪਰਿਵਾਰ ਤੋਂ ਬਾਹਰ ਹੀ ਨਹੀਂ ਜਾਂਦੇ। “ਆਪ” ਨੇ ਵੀ ਐਲਾਨ ਕੀਤਾ ਕਿ ਦਲਿਤ ਉਪ ਮੁੱਖ ਮੰਤਰੀ ਹੋਵੇਗਾ ਪਰ ਕਾਂਗਰਸ ਨੇ ਇਹਨਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਵਿਰੋਧੀਆਂ ਕੋਲ ਹੁਣ ਕਹਿਣ ਨੂੰ ਕੋਈ ਗੱਲ ਨਹੀਂ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ.ਅਮਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦਾ ਹੰਕਾਰ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਤੋੜਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਲੋਕਾਂ ਦਾ ਐਨਾ ਭਰੋਸਾ ਜਿੱਤ ਲਿਆ ਕੇ ਲੋਕ ਉਹਨਾਂ ਨੂੰ ਉਡੀਕਦੇ ਰਹਿੰਦੇ ਹਨ। ਇਹ ਹਲਕਾ ਕਾਂਗਰਸ ਦਾ ਗੜ੍ਹ ਹੈ ਤੇ ਏਥੇ ਪਾਰਟੀ ਦੀ ਜਿੱਤ ਅਟਲ ਹੈ।
ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਪਾਇਲ ਵਿਚ ਕਾਂਗਰਸ ਪਾਰਟੀ 1967 ਤੋਂ ਲੈਕੇ ਬਹੁਤ ਮਜ਼ਬੂਤ ਹੈ। ਸ. ਚੰਨੀ ਓਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ ਜਦੋਂ ਲੋਕਾਂ ਦੀ ਮੰਗ ਸੀ ਕਿ ਮੁੱਖ ਮੰਤਰੀ ਲੋਕਾਂ ਦੀ ਨਬਜ਼ ਪਛਾਨਣ ਵਾਲਾ ਹੋਵੇ। ਉਹਨਾਂ ਕਿਹਾ ਕਿ ਹਲਕੇ ਵਿੱਚ ਕਈ ਸੌ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਬਾਕੀ ਜਾਰੀ ਹਨ।
ਇਸ ਮੌਕੇ ਉਨ੍ਹਾਂ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤੇਜ ਪ੍ਰਕਾਸ਼ ਕੋਟਲੀ, ਵਿਧਾਇਕ ਰਾਕੇਸ਼ ਪਾਂਡੇ, ਅਮਰੀਕ ਸਿੰਘ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਸਮੇਤ ਪਤਵੰਤੇ ਹਾਜ਼ਰ ਸਨ।