ਮੁੱਖ ਮੰਤਰੀ ਵੱਲੋਂ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ ਬੁੱਤ ਦਾ ਉਦਘਾਟਨ

0

ਰੱਬੋਂ ਉੱਚੀ (ਲੁਧਿਆਣਾ), 9 ਦਸੰਬਰ 2021 :  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਪ੍ਰਸਿੱਧ ਸਿੱਖ ਕ੍ਰਾਂਤੀਕਾਰੀ ਬਾਬਾ ਮਹਾਰਾਜ ਸਿੰਘ ਜੀ, ਜੋ ਕਿ ਜੰਗ-ਏ-ਆਜ਼ਾਦੀ ਦੇ ਪਹਿਲੇ ਸ਼ਹੀਦ ਸਨ, ਦੇ ਬੁੱਤ ਦਾ ਉਦਘਾਟਨ ਜ਼ਿਲਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਵਿਖੇ ਕੀਤਾ। ਇਸ ਪਿੱਛੋਂ ਉਨਾਂ ਨੇ ਪਿੰਡ ਦੇ ਹੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਵੀ ਟੇਕਿਆ।

ਮੁੱਖ ਮੰਤਰੀ ਦੇ ਨਾਲ ਇਸ ਮੌਕੇ ਫਤਿਹਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਹਲਕਾ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।


ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਮਹਾਰਾਜ ਸਿੰਘ ਨੇ ਪਹਿਲੀ ਸਿੱਖ-ਅੰਗਰੇਜ਼ ਜੰਗ ਪਿੱਛੋਂ ਪੰਜਾਬ ਵਿੱਚ ਅੰਗਰੇਜ਼ ਵਿਰੋਧੀ ਲਹਿਰ ਦੀ ਅਗਵਾਈ ਕੀਤੀ। ਮੁੱਖ ਮੰਤਰੀ ਨੇ ਲੋਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜੂਝਣ ਹਿੱਤ ਪ੍ਰੇਰਦੇ ਹੋਏ ਆਜ਼ਾਦੀ ਦੀ ਜੰਗ ਦੇ ਇਸ ਪਹਿਲੇ ਸ਼ਹੀਦ ਦੁਆਰਾ ਦਿਖਾਏ ਰਸਤੇ ਉੱੇਤੇ ਚੱਲਣ ਲਈ ਕਿਹਾ।

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਬਾਬਾ ਮਹਾਰਾਜ ਸਿੰਘ ਜੀ ਇਕ ਮਹਾਨ ਕ੍ਰਾਂਤੀਕਾਰੀ ਸਨ ਜਿਨਾਂ ਨੇ ਦੇਸ਼ ਦੀ ਆਜ਼ਾਦੀ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਨਾਂ ਅੱਗੇ ਕਿਹਾ ਕਿ 1857 ਦੇ ਵਿਦਰੋਹ ਨੂੰ ਦੇਸ਼ ਦੀ ਆਜ਼ਾਦੀ ਦੀ ਜੰਗ ਦੀ ਸ਼ੁਰੂਆਤ ਵਜੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਪਰ ਇਤਿਹਾਸ ਨੇ ਇਹ ਸਾਬਿਤ ਕਰ ਦਿੱਤਾ ਕਿ ਬਾਬਾ ਮਹਾਰਾਜ ਸਿੰਘ ਨੇ ਉਸੇ ਸਮੇਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਜਦੋਂ ਉਨਾਂ ਨੇ ਆਖਰੀ ਸਿੱਖ ਹੁਕਮਰਾਨ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ, ਅੰਗਰੇਜ਼ਾਂ ਨੂੰ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਗਈ ਯੋਜਨਾਬੰਦੀ ਦੀ ਸੂਹ ਮਿਲ ਗਈ ਜਿਸ ਦੇ ਸਿੱਟੇ ਵਜੋਂ ਉਨਾਂ ਨੇ ਬਾਬਾ ਮਹਾਰਾਜ ਸਿੰਘ ਨੂੰ ਕੈਦ ਕਰ ਕੇ ਸਿੰਗਾਪੁਰ ਭੇਜ ਦਿੱਤਾ ਜਿੱਥੇ ਬਾਬਾ ਮਹਾਰਾਜ ਸਿੰਘ ਜੀ ਕਈ ਤੰਗੀਆਂ ਨਾਲ ਜੂਝਦੇ ਹੋਏ 5 ਜੁਲਾਈ, 1856 ਨੂੰ ਸ਼ਹੀਦ ਹੋ ਗਏ।

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਮੁੱਖ ਮੰਤਰੀ ਨੇ ਕੋਵਿਡ-19 ਦੀ ਮਹਾਂਮਾਰੀ ਦੌਰਾਨ ਸ਼ਲਾਘਾਯੋਗ ਕੰਮ ਕਰਨ ਲਈ ਧਾਰਮਿਕ ਸ਼ਖ਼ਸੀਅਤਾਂ ਨੂੰ ਪ੍ਰਮਾਣਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਹੈਲੀਪੈਡ ਵਾਪਸ ਜਾਂਦੇ ਸਮੇਂ ਮੁੱਖ ਮੰਤਰੀ ਨੂੰ ਸੜਕ ਦੇ ਨਾਲ ਖੜੇ ਕੁਝ ਲੋਕ ਦਿਸੇ। ਆਪਣੇ ਕਾਫਿਲੇ ਨੂੰ ਕੁਝ ਦੇਰ ਲਈ ਰੁਕਣ ਦਾ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਇਨਾਂ ਨਿਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਉਨਾਂ ਦੀ ਤਸੱਲੀ ਮੁਤਾਬਿਕ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਵੀ ਦਿਵਾਇਆ।

About The Author

Leave a Reply

Your email address will not be published. Required fields are marked *

error: Content is protected !!