ਡਾ.ਵੇਰਕਾ ਵਲੋਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਸਬੰਧੀ ਸੰਭਾਵਨਾਵਾਂ ਦੀ ਤਲਾਸ਼
![](https://timespunjab.com/wp-content/uploads/2021/12/WhatsApp-Image-2021-12-07-at-7.54.01-PM.jpeg)
ਚੰਡੀਗੜ, 7 ਦਸੰਬਰ 2021 : ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ.ਰਾਜ ਕੁਮਾਰ ਵੇਰਕਾ ਨੇ ਸੂਬੇ ਵਿੱਚ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਆਪਸੀ ਸਮਝੌਤੇ ਰਾਹੀਂ ਮੌਜੂਦਾ ਬਿਜਲੀ ਖਰੀਦ ਸਮਝੌਤਿਆਂ ਦੀਆਂ ਦਰਾਂ ਵਿੱਚ ਕਟੌਤੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਹੈ।
ਅੱਜ ਪੰਜਾਬ ਭਵਨ ਵਿਖੇ ਸੋਲਰ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਕਿ ਵਿਆਜ ਦਰਾਂ ਅਤੇ ਕਾਰਪੋਰੇਟ ਟੈਕਸ ਘਟਾਟਿਆ ਜਾ ਚੁੱਕਾ ਹੈ, ਇਸ ਲਈ ਪ੍ਰੋਜੈਕਟ ਡਿਵੈਲਪਰਾਂ ਨੂੰ ਟੈਰਿਫ ਘਟਾਉਣ ਦੇ ਤਰੀਕੇ ਲੱਭਣ ਵੱਲ ਧਿਆਨ ਦੇਣਾ ਚਾਹੀਦਾ ਹੈ, ਇਹ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਲਈ ਲਾਭਕਾਰੀ ਹੋਵੇਗਾ ਜਿਸ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਸਸਤੀ ਬਿਜਲੀ ਮਿਲ ਸਕੇਗੀ।
ਡਾ: ਵੇਰਕਾ ਨੇ ਕਿਹਾ ਕਿ ਉਹ ਦੋਸਤਾਨਾ ਅਤੇ ਮਜ਼ਬੂਤ ਸਬੰਧਾਂ ਦੀ ਆਸ ਕਰਦੇ ਹਨ ਅਤੇ ਡਿਵੈਲਪਰਾਂ ਨੂੰ ਰਾਜ ਵਿੱਚ ਹੋਰ ਨਿਵੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ । ਉਨਾਂ ਕਿਹਾ ਕਿ ਡਿਵੈਲਪਰਾਂ ਨੂੰ ਆਪਣੇ ਸੁਝਾਅ ਅਤੇ ਦਰਪੇਸ਼ ਸਮੱਸਿਆਵਾਂ (ਜੇਕਰ ਹੋਣ ) ਵੀ ਸਾਹਮਣੇ ਲਿਆਉਣੀਆਂ ਚਾਹੀਦੀਆਂ ਹਨ ਅਤੇ ਵਿਭਾਗ ਉਨਾਂ ਦੇ ਸੁਝਾਵਾਂ ਨੂੰ ਘੋਖਣ ਤੋਂ ਬਾਅਦ ਸੁਖਾਵੇਂ ਹੱਲ ਲੱਭਣ ਲਈ ਤਰੀਕੇ ਅਤੇ ਸਾਧਨ ਜੁਟਾਉਣ ਲਈ ਇੱਕ ਕਮੇਟੀ ਬਣਾਏਗਾ।
ਡਾ: ਵੇਰਕਾ ਨੇ ਕਿਹਾ ਕਿ ਇਸ ਮੰਤਵ ਲਈ ਗਠਿਤ ਇੱਕ ਸਬ-ਕਮੇਟੀ ਵੱਲੋਂ ਵੱਖ-ਵੱਖ ਸੂਰਜੀ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨਾਲ ਅਗਲੀ ਮੀਟਿੰਗ ਕੀਤੀ ਜਾਵੇਗੀ ਅਤੇ ਕੇਵਲ ਅਜਿਹੇ ਸੁਚੱਜੇ ਹੱਲ ਹੀ ਅਮਲ ਵਿੱਚ ਲਿਆਂਦੇ ਜਾਣਗੇ ਜੋ ਸਰਕਾਰ ਅਤੇ ਪ੍ਰਾਈਵੇਟ ਡਿਵੈਲਪਰ/ਨਿਵੇਸ਼ਕ ਦੋਵਾਂ ਨੂੰ ਮਨਜੂਰ ਹੋਣ। ਉਨਾਂ ਨੇ ਸਾਰੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਆਪਣੇ ਸੀ.ਐਸ.ਆਰ. ਖਰਚਣ ਲਈ ਵੀ ਕਿਹਾ।
ਇਸ ਮੀਟਿੰਗ ਵਿੱਚ ਵੇਲਸਪਨ ਪਾਵਰ, ਅਜੁਰ ਪਾਵਰ, ਈਕੋ ਐਨਰਜੀ, ਇੰਟਰਨੈਸ਼ਨਲ ਅਰਥ ਸੋਲਰ ਪ੍ਰਾਈਵੇਟ ਲਿਮਟਿਡ , ਅਲੀਆਨਜ ਈਕੋ ਪਾਵਰ ਲਿਮਟਿਡ ਆਦਿ ਸੋਲਰ ਕੰਪਨੀਆਂ ਦੇ ਕਈ ਪ੍ਰੋਜੈਕਟ ਡਿਵੈਲਪਰ ਹਾਜਰ ਰਹੇ। ਬਾਇਓਮਾਸ ਪਾਵਰ ਪ੍ਰੋਜੈਕਟ ਡਿਵੈਲਪਰਾਂ ਨੇ ਦੱਸਿਆ ਕਿ ਉਹ ਸਾਰੇ ਪੰਜਾਬ ਵਿੱਚ ਪਾਵਰ ਪ੍ਰੋਜੈਕਟਾਂ ਵਿੱਚ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੀ ਵਰਤੋਂ ਕਰ ਰਹੇ ਹਨ ਅਤੇ ਮਿਲ ਕੇ 10 ਲੱਖ ਟਨ ਝੋਨੇ ਦੀ ਪਰਾਲੀ ਦੀ ਸੰਭਾਲ/ਵਰਤੋਂ ਕੀਤੀ ਜਾ ਰਹੀ ਹੈ। ਸਟੋਰਾਂ ਵਿੱਚ ਮੀਂਹ ਅਤੇ ਮੌਸਮ ਖਰਾਬੀ ਵਰਗੀਆਂ ਸਮੱਸਿਆਵਾਂ ਕਾਰਨ ਝੋਨੇ ਦੀ ਪਰਾਲੀ ਅਤੇ ਬਾਇਓਮਾਸ ਦੇ ਸਟੋਰਾਂ ਵਿੱਚ ਕਾਫੀ ਨੁਕਸਾਨ ਹੁੰਦਾ ਹੈ । ਬਾਇਓਮਾਸ ਪਾਵਰ ਪਲਾਂਟ ਰਾਜ ਦੇ ਦਿਹਾਤੀ ਖੇਤਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰ ਰਹੇ ਹਨ ਅਤੇ ਵਾਤਾਵਰਣ ਲਈ ਵੀ ਲਾਭਕਾਰੀ ਹਨ।
ਮੀਟਿੰਗ ਵਿੱਚ ਪੀ.ਐਸ.ਪੀ.ਸੀ.ਐਲ.ਦੇ ਮੁੱਖ ਮੈੇਨੇਜਿੰਗ ਡਾਇਰੈਕਟਰ ਸ੍ਰੀ ਵੇਣੂ ਪ੍ਰਸਾਦ, ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ, ਸੀ.ਈ.ਓ. ਪੇਡਾ, ਸ੍ਰੀ ਐਮ.ਪੀ.ਸਿੰਘ, ਡਾਇਰੈਕਟਰ, ਪੇਡਾ, ਸ੍ਰੀ ਦਵਿੰਦਰ ਸਿੰਘ, ਜੁਆਇੰਟ ਡਾਇਰੈਕਟਰ, ਪੇਡਾ, ਸ੍ਰੀ ਆਰ.ਕੇ.ਗੁਪਤਾ, ਜੁਆਇੰਟ ਡਾਇਰੈਕਟਰ, ਪੇਡਾ, ਸ੍ਰੀ ਸੁਪਿੰਦਰ ਸਿੰਘ ਜੁਆਇੰਟ ਡਾਇਰੈਕਟਰ ਪੀ.ਐਸ.ਪੀ.ਸੀ.ਐਲ. ਮੌਜੂਦ ਸਨ।