ਘੜਿਆਲ ਦੀ ਪ੍ਰਜਨਣ ਆਬਾਦੀ ਨੂੰ ਸਥਾਪਤ ਕਰਨ ਤੇ ਇਸ ਨੂੰ ਲੁਪਤ ਹੋਣ ਤੋਂ ਬਚਾਅ ਲਈ ਪੰਜਾਬ ਸਰਕਾਰ ਯਤਨਸ਼ੀਲ : ਸੰਗਤ ਸਿੰਘ ਗਿਲਜੀਆਂ

0

ਟਾਂਡਾ, 05 ਦਸੰਬਰ 2021 : ਪੰਜਾਬ ਸਰਕਾਰ ਦੀ ਘੜਿਆਲ ਪ੍ਰਜਨਣ ਆਬਾਦੀ ਨੂੰ ਸਥਾਪਤ ਕਰਨ ਅਤੇ ਇਸ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਬਿਆਸ ਕੰਜਰਵੇਸ਼ਨ ਰਿਜਰਵ ਵਿਚ ਘੜਿਆਲ ਪੂਨਰਵਾਸ ਪ੍ਰੋਜੈਕਟ ਦੇ ਤੀਸਰੇ ਪੜਾਅ ਤਹਿਤ ਅੱਜ ਟਾਂਡਾ ਦੇ ਪਿੰਡ ਕੁੱਲਾ ਫੱਤਾ ਦੇ ਜੰਗਲ ਨੇੜੇ ਬਿਆਸ ਦਰਿਆ ਵਿਚ ਵਣ, ਜੰਗਲੀ ਜੀਵ ਤੇ ਕਿਰਤ ਮੰਤਰੀ ਸ੍ਰੀ ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਵਣ ਜੀਵ ਵਿਭਾਗ ਵਲੋਂ 24 ਘੜਿਆਲ ਛੱਡੇ ਗਏ। ਉਨ੍ਹਾਂ ਕਿਹਾ ਕਿ ਘੜਿਆਲ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਵਣ ਜੀਵ ਵਿਭਾਗ ਵਲੋਂ ਘੜਿਆਲ ਦੀ ਪ੍ਰਜਨਣ ਆਬਾਦੀ ਨੂੰ ਸਥਾਪਿਤ ਕਰਨ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਨਾਲ ਪ੍ਰਧਾਨ ਮੁੱਖ ਵਣ ਪਾਲ ਅਤੇ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਆਰ.ਕੇ. ਮਿਸ਼ਰਾ ਵੀ ਮੌਜੂਦ ਸਨ। ਵਣ ਮੰਤਰੀ ਨੇ ਇਸ ਦੌਰਾਨ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਦੀ ਸੁਵਿਧਾ ਲਈ ਜੰਗਲੀ ਜੀਵਾਂ ਸਬੰਧੀ ਹੰਟਿੰਗ ਦੇ ਪਰਮਿੱਟ ਤੇ ਜੰਗਲੀ ਜੀਵ ਸੈਂਚਰੀ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ ਆਉਂਦੇ ਲੋਕਾਂ ਲਈ ਅਸਲਾ ਲਾਇਸੰਸ ਜਾਰੀ ਕਰਨ ਲਈ ਮੋਬਾਇਲ ਐਪ ਨੂੰ ਵੀ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਲਈ ਲਾਇਸੰਸ ਲੈਣ ਲਈ ਐਨ.ਓ.ਸੀ. ਦੀ ਪ੍ਰਕ੍ਰਿਆ ਨੂੰ ਆਸਾਨ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਘੜਿਆਲ ਪ੍ਰਜਾਤੀ ਵਿਸ਼ਵ ਪੱਧਰ ’ਤੇ ਅਲੋਪ ਹੋਣ ਦੇ ਕਗਾਰ ’ਤੇ ਹੈ ਅਤੇ ਇਹ ਪ੍ਰਜਾਤੀ ਹੁਣ ਸੰਸਾਰ ਵਿਚ ਉਤਰ ਭਾਰਤ ਦੀ ਗੰਗਾ, ਯਮੁਨਾ, ਚੰਬਲ, ਬੰਗਲਾਦੇਸ਼ ਤੇ ਨੇਪਾਲ ਦੀਆਂ ਕੁਝ ਨਦੀਆਂ ਵਿਚ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਘੜਿਆਲ ਸਾਲ 1960 ਤੱਕ ਬਿਆਸ ਦਰਿਆ ਵਿਚ ਆਮ ਦੇਖਿਆ ਜਾਂਦਾ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬ ਵਿਚ ਇਸ ਦੀ ਸਾਂਭ-ਸੰਭਾਲ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ।

ਸੰਗਤ ਸਿੰਘ ਗਿਲਜੀਆਂ ਨੇ ਦੱਸਿਆ ਕਿ ਵਣ ਵਿਭਾਗ ਤੇ ਵਰਲਡ ਵਾਈਡ ਫੰਡ ਫਾਰ ਨੇਚਰ (ਡਬਲਯੂ.ਡਬਲਯੂ. ਆਫ਼ ਇੰਡੀਆ) ਦੇ ਕਰਵਾਏ ਗਏ ਸੰਯੁਕਤ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਘੜਿਆਲ ਰਿਲਿਜ਼ਿੰਗ ਪੁਆਇੰਟ ਤੋਂ ਪੂਰੇ ਬਿਆਸ ਦਰਿਆ ਵਿਚ ਫੈਲ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਯਤਨਾਂ ਨਾਲ ਬਿਆਸ ਕੰਜਰਵੇਸ਼ਨ ਰਿਜਰਵ ਦੇ ਸਰਵੇਖਣ ਦੌਰਾਨ ਘੜਿਆਲਾਂ ਨੂੰ 40 ਤੋਂ 50 ਪ੍ਰਤੀਸ਼ਤ ਦੀ ਸੰਖਿਆ ਵਿਚ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਬਿਆਸ ਕੰਜਰਵੇਸ਼ਨ ਰਿਜਰਵ ਵਿਚ ਸਾਲ 2017-18 ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਵਿਚ 47 ਘੜਿਆਲ ਛੱਡੇ ਗਏ ਸਨ ਅਤੇ ਦੂਜੇ ਪੜਾਅ ਤਹਿਤ ਸਾਲ 2020-21 ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਲੇਮਪੁਰ ਤੇ ਟਾਹਲੀ ਦੇ ਜੰਗਲ ਦੇ ਨਾਲ ਲੱਗਦੇ ਬਿਆਸ ਕੰਜਰਵੇਸ਼ਨ ਰਿਜਰਵ ਇਲਾਕੇ ਵਿਚ ਘੜਿਆਲਾਂ ਲਈ ਅਨੁਕੂਲ ਟਾਪੂ ਦੀ ਚੋਣ ਕਰਕੇ 23 ਘੜਿਆਲ ਇਸ ਟਾਪੂ ਵਿਚ ਛੱਡੇ ਗਏ ਸਨ।

ਸੰਗਤ ਸਿੰਘ ਗਿਲਜੀਆਂ ਵਲੋਂ ਇਸ ਦੌਰਾਨ ਵਾਈਲਡ ਲਾਇਫ ਵਿੰਗ ਵਲੋਂ ਤਿਆਰ ਕੀਤੀ ਗਈ ਘੜਿਆਲ ਕਾਫ਼ੀ ਟੇਬਲ ਬੁੱਕ ਜਿਸ ਵਿਚ ਘੜਿਆਲ ਦੇ ਪੁਨਰਵਾਸ ਪ੍ਰੋੋਜੈਕਟ ਦਾ ਵਿਸਥਾਰ ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਹੈ, ਨੂੰ ਵੀ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵਾਈਲਡ ਲਾਈਫ ਵਿੰਗ ਆਫ਼ ਡਿਪਾਰਟਮੈਂਟ ਆਫ਼ ਫਾਰੈਸਟ ਅਤੇ ਵਾਈਲਡਲਾਇਫ ਪ੍ਰੀਜਰਵੇਸ਼ਨ ਪੰਜਾਬ ਦੀ ਨਵੀਂ ਵੈਬਸਾਈਟ https://wildlife.punjab.gov.in/index ਜਿਸ ਵਿਚ ਪੰਜਾਬ ਦੇ ਸੁਰੱਖਿਅਤ ਇਲਾਕਿਆਂ, ਜੰਗਲੀ ਜੀਵਾਂ ਆਦਿ ਆਮ ਲੋਕ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਦੇ ਹਨ, ਦੀ ਵੀ ਸ਼ੁਰੂਆਤ ਕੀਤੀ।

ਇਸ ਮੌਕੇ ਮੁੱਖ ਵਣ ਪਾਲ (ਜੰਗਲੀ ਜੀਵ) ਚਰਚਿਲ ਕੁਮਾਰ, ਵਣ ਪਾਲ (ਜੰਗਲੀ ਜੀਵ) ਮਨੀਸ਼ ਕੁਮਾਰ, ਵਣ ਪਾਲ ਜੰਗਲੀ ਜੀਵ ਗਨਾਨਾ ਪ੍ਰਕਾਸ਼, ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਹੁਸ਼ਿਆਰਪੁਰ ਗੁਰਸ਼ਰਨ ਸਿੰਘ, ਵਰਲਡ ਵਾਈਡ ਫੰਡ ਫਾਰ ਨੇਚਰ ਦੀ ਕੁਆਰਡੀਨੇਟਰ ਗੀਤਾਂਜਲੀ ਕੰਵਰ, ਦਲਜੀਤ ਸਿੰਘ ਗਿਲਜੀਆਂ, ਸਨੀ ਮਿਆਰੀ, ਮਾਸਟਰ ਨਰਿੰਦਰ ਸਿੰਘ, ਰਾਜੇਸ਼ ਰਾਜੂ, ਸਰਪੰਚ ਸਰਬਜੀਤ ਸਿੰਘ ਕੋਟਲਾ, ਜਸਵੰਤ ਸਿੰਘ, ਲੱਕੀ ਬਲੜਾ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

You may have missed