ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਲੋੜ : ਅਮਿਤ ਸ਼ਰਮਾ

ਜੁਆਇੰਟ ਕਮਿਸ਼ਨਰ ਜੀ.ਐਸ.ਟੀ. ਨੇ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦੇ ਤੀਜੇ ਦਿਨ ਦੇ ਮੈਚਾਂ ਦਾ ਕੀਤਾ ਉਦਘਾਟਨ
ਸੈਮੀ-ਫਾਈਨਲ ਦੇ ਜੇਤੂਆਂ ਵਿਚਕਾਰ ਅੱਜ ਖੇਡਿਆ ਜਾਵੇਗਾ ਫਾਈਨਲ
ਜਲੰਧਰ, 4 ਦਸੰਬਰ 2021 : ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਕਰਦਿਆਂ ਜੁਆਇੰਟ ਕਮਿਸ਼ਨਰ ਜੀ.ਐਸ.ਟੀ. ਅਮਿਤ ਸ਼ਰਮਾ ਨੇ ਅੱਜ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦੇ ਤੀਜੇ ਦਿਨ ਦੇ ਮੈਚਾਂ ਦਾ ਉਦਘਾਟਨ ਕੀਤਾ। ਸੈਮੀਫਾਈਨਲ ਵਿੱਚ ਚਾਰ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਐਕਸਾਰੋ ਵਾਰੀਅਰਜ਼ ਬਨਾਮ ਐਕਸਿਸ ਵਾਰੀਅਰਜ਼ ਅਤੇ ਯੂਨੀਕ ਵਾਰੀਅਰਜ਼ ਬਨਾਮ ਕਰਤਾਰ ਵਾਰੀਅਰਜ਼ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਜੇਤੂ ਟੀਮਾਂ ਐਤਵਾਰ ਸ਼ਾਮ ਨੂੰ ਫਾਈਨਲ ਵਿੱਚ ਖੇਡਣਗੀਆਂ।
ਇਸ ਟੂਰਨਾਮੈਂਟ ਲਈ ਪ੍ਰਬੰਧਕੀ ਕਮੇਟੀ ‘ਵਾਰੀਅਰਜ਼ ਗਰੁੱਪ’ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਜੁਆਇੰਟ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਰਿਹਾਇਸ਼ੀ ਅਪਾਰਟਮੈਂਟਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ ਸਗੋਂ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਿੱਚ ਵੀ ਮਦਦ ਕਰਦੇ ਹਨ। ਅਜਿਹੇ ਸਮਾਗਮਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਸ਼੍ਰੀ ਸ਼ਰਮਾ ਨੇ ਹੋਰਨਾਂ ਨੂੰ ਵੀ ਅਜਿਹੇ ਉਪਰਾਲੇ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਦੇ ਕੋਨੇ-ਕੋਨੇ ਵਿੱਚ ਖੇਡਾਂ ਦਾ ਵਾਤਾਵਰਣ ਸਿਰਜਿਆ ਜਾ ਸਕੇ।
ਗੁਰਵਿੰਦਰ ਸਿੰਘ ਸੰਘਾ, ਕਮਲ ਸਹਿਗਲ, ਕਰਨਲ ਅਜੈ ਟਿੱਕਰ ਦੇ ਨਾਲ ਮੁੱਖ ਮਹਿਮਾਨ ਨੇ ਸੈਮੀਫਾਈਨਲ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਜੁਆਇੰਟ ਕਮਿਸ਼ਨਰ ਨੇ ਅੱਗੇ ਕਿਹਾ ਕਿ ਖੇਡਾਂ ਜਿਥੇ ਲੋਕਾਂ ਵਿੱਚ ਆਤਮ ਵਿਸ਼ਵਾਸ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ ਉਥੇ ਸਿਹਤਮੰਦ ਸਮਾਜ ਦੀ ਸਿਰਜਣਾ ਦੀ ਕੂੰਜੀ ਵੀ ਹਨ।
ਇਸ ਦੌਰਾਨ ਗੈਰ ਸਰਕਾਰੀ ਸੰਗਠਨ (ਐਨ.ਜੀ.ਓ.) ਵਾਰੀਅਰਜ਼ ਗਰੁੱਪ ਦੇ ਪ੍ਰਧਾਨ ਵਰੁਣ ਕੋਹਲੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੀਗ ਆਧਾਰਤ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਇਸ ਸਾਲ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਏ.ਜੀ.ਆਈ. ਇਨਫਰਾ ਦੇ ਸੁਖਦੇਵ ਸਿੰਘ ਦਾ ਸਮਾਗਮ ਦੇ ਸੁਚਾਰੂ ਸੰਚਾਲਨ ਲਈ ਐਨ.ਜੀ.ਓ. ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ।
ਇਸ ਤੋਂ ਪਹਿਲਾਂ ਸ਼੍ਰੀ ਵਰੁਣ ਕੋਹਲੀ, ਸ਼੍ਰੀ ਰਜਿੰਦਰ ਰਾਜਾ, ਸ਼੍ਰੀ ਅੰਕੁਰ ਧੂਰੀਆ, ਸ਼੍ਰੀ ਨਿਤਿਨ ਪੁਰੀ, ਸ਼੍ਰੀ ਦਵਿੰਦਰ ਸੈਣੀ, ਸ਼੍ਰੀ ਅਨੁਦੀਪ ਬਜਾਜ, ਸ਼੍ਰੀ ਵਿਕਾਸ ਸ਼ਰਮਾ, ਸ਼੍ਰੀ ਅੰਕੁਰ ਸਹਿਗਲ, ਸ਼੍ਰੀ ਸੰਜੀਵ ਆਹੂਜਾ, ਸ਼੍ਰੀ ਕਮਲ ਸਹਿਗਲ, ਸ਼੍ਰੀ ਮਨਪ੍ਰੀਤ ਗਾਬਾ, ਸ਼੍ਰੀ ਸ਼ਮੀਲ ਮੇਨੂੰ, ਸ਼੍ਰੀ ਸੰਜੀਵ ਅਰੋੜਾ, ਸ਼੍ਰੀ ਬੌਬੀ ਰਤਨ, ਸ਼੍ਰੀ ਵਿਸ਼ਾਲ ਗੁੰਬਰ, ਐਸਕੇ ਮਿਸ਼ਰਾ ਆਦਿ ਦੀ ਅਗਵਾਈ ਵਾਲੀ ਵਾਰੀਅਰ ਗਰੁੱਪਾਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।