ਫੈਕਟ ਚੈਕ : ਝੂਠੀ ਹੈ ‘ਨਹੀਂ ਦਿਆ ਵੋਟ ਤੋਂ ਬੈਂਕ ਅਕਾਊਂਟ ਸੇ ਕਟੇਗੇਂ 350 ਰੁਪਏ : ਆਯੋਗ’ ਵਾਲੀ ਖ਼ਬਰ
ਚੰਡੀਗੜ੍ਹ, 03 ਦਸੰਬਰ 2021 : ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਵਾਈਰਲ ਕਿਸੇ ਬੇਨਾਮੀ ਹਿੰਦੀ ਅਖ਼ਬਾਰ ਦੀ ਕਟਿੰਗ ਜਿਸ ਅਨੁਸਾਰ ‘ਨਹੀਂ ਦਿਆ ਵੋਟ ਤੋਂ ਬੈਂਕ ਅਕਾਊਂਟ ਸੇ ਕਟੇਗੇਂ 350 ਰੁਪਏ: ਆਯੋਗ’ ਸਬੰਧੀ ਖ਼ਬਰ ਪੂਰੀ ਤਰ੍ਹਾਂ ਝੂਠੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫ਼ਤਰ ਮੁੱਖ ਚੋਣ ਅਫ਼ਸਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ‘ਨਹੀਂ ਦਿਆ ਵੋਟ ਤੋਂ ਬੈਂਕ ਅਕਾਊਂਟ ਸੇ ਕਟੇਗੇਂ 350 ਰੁਪਏ: ਆਯੋਗ’ ਵਾਲੀ ਖ਼ਬਰ ਵੱਡੇ ਪੱਧਰ ‘ਤੇ ਵਾਈਰਲ ਹੋ ਰਹੀ ਹੈ ਜਿਸ ਸਬੰਧੀ ਦਫ਼ਤਰ ਮੁੱਖ ਚੋਣ ਅਫ਼ਸਰ ਵੱਲੋਂ ਜਾਂਚ ਕੀਤੀ ਗਈ ਅਤੇ ਪਾਇਆ ਗਿਆ ਕਿ ਇਹ ਖ਼ਬਰ ਮਨਘੜਤ ਅਤੇ ਕੋਰਾ ਝੂਠ ਹੈ।
ਬੁਲਾਰੇ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਹਦਾਇਤ ਅਜੇ ਤੱਕ ਨਹੀਂ ਦਿੱਤੀ ਗਈ ਹੈ। ਉਹਨਾਂ ਨਾਲ ਹੀ ਸੂਬੇ ਦੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਕੋਈ ਇਸ ਤਰ੍ਹਾਂ ਦਾ ਭਰਮ ਪਾਉਣ ਵਾਲਾ ਸੋਸ਼ਲ ਮੀਡੀਆ ‘ਤੇ ਮੈਸਜ ਵਾਈਰਲ ਹੁੰਦਾ ਹੈ, ਤਾਂ ਉਸ ਬਾਬਤ ਭਾਰਤ ਚੋਣ ਕਮਿਸ਼ਨ ਅਤੇ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਨੂੰ ਸੂਚਿਤ ਕੀਤਾ ਜਾਵੇ। ਇਸ ਦੇ ਨਾਲ ਚੋਣਾਂ ਸਬੰਧੀ ਨਵੇਂ ਆਦੇਸ਼ਾਂ ਬਾਰੇ ਸਟੀਕ ਜਾਣਕਾਰੀ ceopunjab.gov.in ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।