ਵਧੀਕ ਕਮਿਸ਼ਨਰ ਇਨਕਮ ਟੈਕਸ ਅਤੇ ਆਈ.ਜੀ.ਪੀ. ਵੱਲੋਂ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦਾ ਉਦਘਾਟਨ

0

ਜਲੰਧਰ, 02 ਦਸੰਬਰ 2021 : ਵਧੀਕ ਕਮਿਸ਼ਨਰ ਇਨਕਮ ਟੈਕਸ ਸ਼੍ਰੀ ਗਿਰੀਸ਼ ਬਾਲੀ ਅਤੇ ਇੰਸਪੈਕਟਰ ਜਨਰਲ ਪੁਲਿਸ ਸ਼੍ਰੀ ਜੀ.ਐਸ.ਢਿੱਲੋਂ ਨੇ ਅੱਜ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।

ਅੱਜ ਇੱਥੇ ਜਲੰਧਰ ਹਾਈਟਸ ਕ੍ਰਿਕਟ ਪ੍ਰੀਮੀਅਰ ਲੀਗ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਵਰਤਣ ਲਈ ਖੇਡਾਂ ਸਹਾਇਕ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਅਥਾਹ ਊਰਜਾ ਹੁੰਦੀ ਹੈ, ਜਿਸ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਿਜਾਣ ਦੀ ਲੋੜ ਹੈ। ਸ਼੍ਰੀ ਬਾਲੀ ਅਤੇ ਸ਼੍ਰੀ ਢਿੱਲੋਂ ਨੇ ਸਪੱਸ਼ਟ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਦਾ ਸਰਬਓਤਮ ਮਾਧਿਅਮ ਹਨ।

ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਖੇਡਾਂ ਦੇ ਮੈਦਾਨ ਵਿਚ ਨੌਜਵਾਨ ਸਖ਼ਤ ਮਿਹਨਤ, ਲਗਨ, ਟੀਮ ਵਰਕ ਅਤੇ ਖੇਡ ਭਾਵਨਾ ਵਰਗੇ ਕਈ ਗੁਣ ਗ੍ਰਹਿਣ ਕਰਦੇ ਹਨ, ਜੋ ਕਿ ਇਕ ਚੰਗੇ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਛੋਟੀ ਉਮਰ ਵਿੱਚ ਹੀ ਇਹ ਗੁਣ ਵਿਕਸਿਤ ਕਰ ਲੈਣ ਤਾਂ ਉਹ ਦੇਸ਼ ਅਤੇ ਸਮਾਜ ਲਈ ਸਰਮਾਇਆ ਬਣ ਸਕਦੇ ਹਨ। ਸ਼੍ਰੀ ਬਾਲੀ ਅਤੇ ਸ਼੍ਰੀ ਢਿੱਲੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਉਹ ਆਪਣੇ ਜੀਵਨ ਵਿੱਚ ਉਤਮਤਾ ਨੂੰ ਹਾਸਲ ਕਰ ਸਕਣ।

ਇਸ ਨਿਵੇਕਲੀ ਪਹਿਲਕਦਮੀ ਲਈ ਪ੍ਰਬੰਧਕ ਕਮੇਟੀ ‘ਵਾਰੀਅਰ ਗਰੁੱਪਸ’ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਵਧੀਕ ਕਮਿਸ਼ਨਰ ਆਈ.ਟੀ. ਅਤੇ ਆਈ.ਜੀ.ਪੀ. ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਹੋਰਨਾਂ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਨੇਕ ਕਾਰਜ ਲਈ ਐਨ.ਜੀ.ਓ. ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।

ਇਸ ਦੌਰਾਨ ਐਨ.ਜੀ.ਓ.ਵਾਰੀਅਰਜ਼ ਗਰੁੱਪ ਦੇ ਪ੍ਰਧਾਨ ਵਰੁਣ ਕੋਹਲੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਉਨ੍ਹਾਂ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੀਗ ਆਧਾਰਿਤ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਇਸ ਸਾਲ ਚਾਰ ਟੀਮਾਂ ਭਾਗ ਲੈ ਰਹੀਆਂ ਹਨ। ਸ਼੍ਰੀ ਕੋਹਲੀ ਨੇ ਇਸ ਮੌਕੇ ਏ.ਜੀ.ਆਈ. ਇਨਫਰਾ ਦੇ ਸ਼੍ਰੀ ਸੁਖਦੇਵ ਸਿੰਘ ਦਾ ਸਮਾਗਮ ਦੇ ਸੁਚਾਰੂ ਸੰਚਾਲਨ ਵਾਸਤੇ ਐਨ.ਜੀ.ਓ. ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਧੰਨਵਾਦ ਵੀ ਕੀਤਾ ।

ਇਸ ਤੋਂ ਪਹਿਲਾਂ ਸ਼੍ਰੀ ਵਰੁਣ ਕੋਹਲੀ, ਸ਼੍ਰੀ ਰਜਿੰਦਰ ਰਾਜਾ, ਸ਼੍ਰੀ ਅੰਕੁਰ ਧੂਰੀਆ, ਸ਼੍ਰੀ ਨਿਤਿਨ ਪੁਰੀ, ਸ਼੍ਰੀ ਦਵਿੰਦਰ ਸੈਣੀ, ਸ਼੍ਰੀ ਅਨੁਦੀਪ ਬਜਾਜ, ਸ਼੍ਰੀ ਵਿਕਾਸ ਸ਼ਰਮਾ, ਸ਼੍ਰੀ ਅੰਕੁਰ ਸਹਿਗਲ, ਸ਼੍ਰੀ ਸੰਜੀਵ ਆਹੂਜਾ, ਸ਼੍ਰੀ ਕਮਲ ਸਹਿਗਲ, ਸ਼੍ਰੀ ਮਨਪ੍ਰੀਤ ਗਾਬਾ, ਸ਼੍ਰੀ ਸ਼ਮੀਲ ਮੇਨੂੰ, ਸ਼੍ਰੀ ਸੰਜੀਵ ਅਰੋੜਾ, ਸ਼੍ਰੀ ਬੋਬੀ ਰਤਨ, ਸ਼੍ਰੀ ਵਿਸ਼ਾਲ ਗੁੰਬਰ ਆਦਿ ਦੀ ਅਗਵਾਈ ਵਿੱਚ ਵਾਰੀਅਰ ਗਰੁੱਪਜ਼ ਦੀ ਪ੍ਰਬੰਧਕ ਕਮੇਟੀ ਵੱਲੋਂ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ।

About The Author

Leave a Reply

Your email address will not be published. Required fields are marked *

error: Content is protected !!