45 ਸਾਲ ਤੋਂ ਵਧੇਰੇ ਉਮਰ ਦੇ 85 ਫੀਸਦੀ ਤੋਂ ਵੱਧ ਵਿਅਕਤੀਆਂ ਨੇ ਕਰਵਾਈ ਵੈਕਸੀਨੇਸ਼ਨ-ਯਸ਼ਪਾਲ ਸ਼ਰਮਾ
ਸੰਗਰੂਰ, 22 ਜੂਨ:
ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਬਲਾਕ ਲੌਂਗੋਵਾਲ ਵਿਖੇ ਮਿਸ਼ਨ ਫਤਿਹ 2.0 ਤਹਿਤ ਵੱਖ-ਵੱਖ ਪਿੰਡਾਂ ਵਿਚ ਕੋਵਿਡ ਰੋਕੂ ਟੀਕਾ ਲਗਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ।ਅੱਜ ਪਿੰਡ ਦੇਹ ਕਲਾਂ ਵਿਖੇ ਵਿਸ਼ੇਸ਼ ਕੋਵਿਡ ਵੈਕਸੀਨੇਸ਼ਨ ਡਰਾਈਵ ਤਹਿਤ ਐਸ.ਡੀ.ਐਮ. ਸੰਗਰੂਰ ਸ਼੍ਰੀ ਯਸ਼ਪਾਲ ਸ਼ਰਮਾ ਵੱਲੋਂ ਵੈਕਸੀਨੇਸ਼ਨ ਕੈਂਪ ਦਾ ਜਾਇਜ਼ਾ ਲਿਆ ਗਿਆ।
ਕੈਂਪ ਮੌਕੇ ਸ੍ਰੀ ਸ਼ਰਮਾ ਨੇ ਸਮੂਹ ਪਿੰਡ ਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਕਰੋਨਾਂ ਮਹਾਂਮਾਰੀ ਦੇ ਟਾਕਰੇ ਲਈ ਲਗਾਏ ਜਾ ਰਹੇ ਟੀਕਾਕਰਣ ਕੈਂਪਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਕੇ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵੈਕਸ਼ੀਨੇਸ਼ਨ ਕਰੋਨਾ ਨੂੰ ਹਰਾਉਣ ਦਾ ਇਕੋ ਇਕ ਅਜਿਹਾ ਹਥਿਆਰ ਹੈ, ਜਿਸਨੂੰ ਸਮਝਣਾ ਸਮੇਂ ਦੀ ਲੋੜ ਹੈ। ਉਨ੍ਹਾਂ ਪਿੰਡ ਦੇਹਕਲਾਂ ਵਿਖੇ 85 ਫੀਸਦੀ ਦੇ ਕਰੀਬ ਹੋਏ ਕੋਵਿਡ ਟੀਕਾਕਰਣ ਲਈ ਜਿੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਘਾ ਕੀਤੀ, ਉਥੇ ਪਿੰਡ ਵਾਸੀਆਂ ਨੂੰ ਰਹਿੰਦੇ ਲੋਕਾਂ ਨੂੰ ਵੈਕਸ਼ੀਨੇਸ਼ਨ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ 849 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਹੁਣ ਤੱਕ 45 ਤੋਂ ਵਧੇਰੇ ਉਮਰ ਦੇ 85 ਫ਼ੀਸਦੀ ਤੋਂ ਵੱਧ ਵਿਅਕਤੀਆਂ ਦੇ ਕੋਵਿਡ 19 ਵੈਕਸੀਨ ਲਗਾਈ ਜਾ ਚੁੱਕੀ ਹੈ ਅਤੇ ਪਿੰਡ ਦੇਹਕਲਾਂ ਦੀ 100 ਫੀਸਦੀ ਵੈਕਸੀਨੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਯਤਨ ਜਾਰੀ ਹਨ। ਸ੍ਰੀ ਸਰਮਾ ਨੇ ਟੀਕਾਕਰਣ ਕੈਂਪ ਦਾ ਜਾਇਜ਼ਾ ਲੈਣ ਤੋਂ ਪਹਿਲਾ ਖੁਦ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਭਗਵਾਨ ਸਿੰਘ ਅਤੇ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ .ਐਚ.ਸੀ. ਲੌਂਗੋਵਾਲ ਡਾ. ਅੰਜੂ ਸਿੰਗਲਾ ਨਾਲ ਘਰ-ਘਰ ਜਾ ਲੋਕਾਂ ਨੂੰ ਵੈਕਸੀਨੇਸ਼ਨ ਲਗਾਉਣ ਲਈ ਜਾਗਰੂਕ ਕੀਤਾ।
ਐਸ.ਐਮ.ਓ. ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਪਿੰਡ ਨੂੰ ਕੋਰੋਨਾ ਮੁਕਤ ਰੱਖਣ ਲਈ ਵੈਕਸੀਨੇਸ਼ਨ ਅਤੇ ਸੈਂਪਲਿੰਗ ਲਗਾਤਾਰ ਜਾਰੀ ਹੈ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਭਗਵਾਨ ਸਿੰਘ ਨੇ ਅਪੀਲ ਕੀਤੀ ਕਿ ਪੰਚਾਇਤਾਂ ਕੋਰੋਨਾ ਮੁਕਤ ਪਿੰਡ ਮੁਹਿੰਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਅੱਗੇ ਆਉਣ ਤਾਂ ਜੋ ਪੇਂਡੂ ਖੇਤਰਾਂ ਵਿੱਚ ਇਸ ਵਾਇਰਸ ਦਾ ਖਾਤਮਾ ਕੀਤਾ ਜਾ ਸਕੇ।
ਇਸ ਮੌਕੇ ਸਰਪੰਚ ਰਵਿੰਦਰਪਾਲ ਸਿੰਘ, ਮੈਡੀਕਲ ਅਫ਼ਸਰ ਡਾ. ਅਰਸ਼ਦੀਪ ਕੌਰ ਮਾਨ, ਏ.ਐਨ.ਐਮ. ਦਵਿੰਦਰ ਕੌਰ, ਜਸਵੀਰ ਕੌਰ, ਹੈਲਥ ਵਰਕਰ ਸਰਬਜੀਤ ਸਿੰਘ, ਸਿਹਤ ਸੁਪਰਵਾਈਜ਼ਰ ਰਾਜਵੰਤ ਕੌਰ ਤੇ ਬਲਕਾਰ ਸਿੰਘ ਅਤੇ ਆਸ਼ਾ ਵਰਕਰ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।
ਤਸਵੀਰ:
ਪਿੰਡ ਦੇਹਕਲਾਂ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ ਦੇ ਬਚਾਅ ਲਈ ਵੈਕਸੀਨੇਸ਼ਨ ਲਈ ਜਾਗਰੂਕ ਕਰਦੇ ਹੋਏ ਐਸ.ਡੀ.ਐਮ. ਸ਼੍ਰੀ ਯਸ਼ਪਾਲ ਸ਼ਰਮਾ ਅਤੇ ਸਿਹਤ ਅਧਿਕਾਰੀ।