445 ਕਾਮਿਆਂ ਨੂੰ ਦਿੱਤੀ ਗਈ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ: ਡਾ. ਮਹੇਸ਼ ਕੁਮਾਰ
ਭਵਾਨੀਗੜ੍ਹ /ਸੰਗਰੂਰ, 17 ਜੂਨ:
ਸਿਵਲ ਸਰਜਨ ਸੰਗਰੂਰ ਡਾ.ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਿਸ਼ਨ ਫ਼ਤਿਹ ਤਹਿਤ ਪੈਪਸੀਕੋ ਚੰਨੋ ਅਤੇ ਆਈ.ਏ.ਐੱਲ. ਫੈਕਟਰੀ ਵਿਖੇ ਕੰਮ ਕਰਦੇ ਕਰਮਚਾਰੀਆਂ ਦੇ ਕੋਵਿਡ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਏ ਗਏ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫ਼ਸਰ, ਕਮਿਊਨਟੀ ਹੈਲਥ ਸੈਂਟਰ ਭਵਾਨੀਗੜ੍ਹ ਡਾ. ਮਹੇਸ਼ ਕੁਮਾਰ ਨੇ ਦਿੱਤੀ।
ਡਾ. ਮਹੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਉਦਯੋਗਿਕ ਕਾਮਿਆਂ ਨੰੂ ਪਹਿਲ ਦੇ ਅਧਾਰ ’ਤੇ ਟੀਕਾਕਰਨ ਵਾਲੀ ਲਿਸਟ ਵਿਚ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਦਯੋਗਿਕ ਕਾਮਿਆਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਣ ਦਾ ਵਧੇਰੇ ਖ਼ਤਰਾ ਹੁੰਦਾ ਹੈ ਕਿੳਂਕਿ ਫੈਕਟਰੀ ਵਿਚ ਜਿਆਦਾ ਕਾਮੇ ਹੋਣ ਕਾਰਨ ਇਸ ਦਾ ਇਕ ਦੂਜੇ ਤੋਂ ਫ਼ੈਲਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਇਨ੍ਹਾਂ ਕਾਮਿਆਂ ਦੇ ਵੈਕਸੀਨ ਲਾਉਣ ਜ਼ਰੂਰੀ ਹੈ ਤਾਂ ਜੋ ਕੋਵਿਡ 19 ਦੀ ਚੇਨ ਨੰੂ ਤੋੜਿਆ ਜਾ ਸਕੇ।
ਇਸ ਮੌਕੇ ਬਲਾਕ ਐਜੂਕੇਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੈਪਸੀਕੋ ਚੰਨੋ ਅਤੇ ਆਈ.ਏ.ਐੱਲ. ਫੈਕਟਰੀ ਹਰਕਿਸ਼ਨਪੁਰਾ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਲਗਾਏ ਗਏ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ 445 ਕਾਮਿਆਂ ਦੇ ਕੋਵਿਡ ਰੋਕੂ ਟੀਕਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰਾਂ ਦੇ ਵਿਸੇਸ ਕੈਂਪ ਲਗਾ ਕੇ ਸੌ ਫ਼ੀ ਸਦੀ ਟੀਕਾਕਰਨ ਕਰਨ ਦਾ ਟੀਚਾ ਹੈ। ਇਸ ਮੌਕੇ ਹੈਲਥ ਸੁਪਰਵਾਈਜ਼ਰ ਗੁਰਜੰਟ ਸਿੰਘ, ਅਮਨਪ੍ਰੀਤ, ਸ਼ਿਲਪਾ ਸ਼ਰਮਾ, ਸੀ.ਐਚ.ਓ. ਕਮਲਪ੍ਰੀਤ ਕੌਰ, ਜਸਵਿੰਦਰ ਕੌਰ, ਵੀਰਪਾਲ ਕੌਰ, ਬਲਵਿੰਦਰ ਕੌਰ ਅਤੇ ਏ.ਐਨ.ਐਮ. ਬਲਬੀਰ ਕੌਰ ਸਮੇਤ ਪੈਪਸੀਕੋ ਚੰਨੋ ਅਤੇ ਆਈ.ਏ.ਐੱਲ. ਫੈਕਟਰੀ ਦਾ ਸਟਾਫ ਵੀ ਹਾਜਰ ਸੀ ।