ਪੰਜਾਬ ਪੁਲਿਸ ਨੇ ਇੱਕ ਹੋਰ ਸੰਭਾਵੀ ਅੱਤਵਾਦੀ ਹਮਲਾ ਕੀਤਾ ਨਾਕਾਮ; ਹੱਥ ਗੋਲਿਆਂ, ਪਿਸਤੌਲਾਂ ਸਮੇਤ ਅਤਿ ਕੱਟੜਪੰਥੀ ਆਪਰੇਟਵ ਗ੍ਰਿਫਤਾਰ

0

ਚੰਡੀਗੜ੍ਹ, 24 ਨਵੰਬਰ 2021 : ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਦੱਸਿਆ ਕਿ ਤਰਨਤਾਰਨ ਦੇ ਪਿੰਡ ਸੋਹਲ ਦੇ ਅਤਿ ਕੱਟੜਪੰਥੀ ਆਪਰੇਟਰ ਰਣਜੀਤ ਸਿੰਘ, ਜੋ ਵਿਦੇਸ਼ ਅਧਾਰਤ ਅੱਤਵਾਦੀ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ, ਦੀ ਗ੍ਰਿਫਤਾਰੀ ਨਾਲ ਪੰਜਾਬ ਪੁਲਿਸ ਨੇ ਸਰਹੱਦੀ ਸੂਬੇ ਵਿੱਚ ਇੱਕ ਹੋਰ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੇ ਉਸ ਦੇ ਕਬਜ਼ੇ ‘ਚੋਂ ਦੋ ਚੀਨੀ ਪੀ-86 ਹੱਥ ਗੋਲੇ ਅਤੇ ਦੋ ਪਿਸਤੌਲਾਂ ਸਮੇਤ ਜਿੰਦਾ ਕਾਰਤੂਸਾਂ ਤੋਂ ਇਲਾਵਾ ਪੀ.ਬੀ.02-ਡੀ.ਏ-6685 ਨੰਬਰੀ ਇੱਕ ਕਾਲੇ ਰੰਗ ਦਾ ਰਾਇਲ ਇਨਫੀਲਡ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

ਡੀਜੀਪੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਇਲਾਕੇ ਵਿੱਚ ਰਣਜੀਤ ਸਿੰਘ ਦੀ ਮੌਜੂਦਗੀ ਸਬੰਧੀ ਖੁਫੀਆ ਸੂਚਨਾਵਾਂ ‘ਤੇ ਕਾਰਵਾਈ ਕਰਦਿਆਂ ਐਸਐਸਓਸੀ ਅੰਮ੍ਰਿਤਸਰ ਦੀਆਂ ਵਿਸ਼ੇਸ਼ ਟੀਮਾਂ ਨੂੰ ਸ਼ੱਕੀ ਵਿਅਕਤੀ ਦਾ ਪਤਾ ਲਗਾਉਣ ਲਈ ਨਿਰਧਾਰਤ ਖੇਤਰ ਵਿੱਚ ਭੇਜਿਆ ਗਿਆ ਸੀ ਅਤੇ ਰਣਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਗ੍ਰਿਫਤਾਰੀ ਉਦੋਂ ਹੋਈ ਜਦੋਂ ਪੰਜਾਬ ਵਿੱਚ ਹੋਰ ਹਥਿਆਰਾਂ ਦੇ ਨਾਲ-ਨਾਲ ਹੱਥ ਗੋਲੇ ਅਤੇ ਟਿਫਿਨ ਬੰਬਾਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਹੈ। ਹਾਲ ਹੀ ਵਿੱਚ, ਸੀਆਈਏ ਨਵਾਂਸ਼ਹਿਰ ਅਤੇ ਪਠਾਨਕੋਟ ਦੇ ਛਾਉਣੀ ਖੇਤਰ ਵਿੱਚ ਦੋ ਗ੍ਰਨੇਡ ਧਮਾਕਿਆਂ ਦੇ ਮਾਮਲੇ ਅਤੇ ਜ਼ੀਰਾ ਖੇਤਰ ਤੋਂ ਇੱਕ ਜਿੰਦਾ ਹੱਥ ਗੋਲੇ ਦੀ ਬਰਾਮਦਗੀ ਦੇ ਮਾਮਲੇ ਸਾਹਮਣੇ ਆਏ ਸਨ।

ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਾਂਚ ਦੌਰਾਨ ਰਣਜੀਤ ਨੇ ਖੁਲਾਸਾ ਕੀਤਾ ਕਿ ਉਸ ਨੇ ਸਮਾਜਿਕ ਕੰਮਾਂ ਦੇ ਬਹਾਨੇ ਫੰਡ ਇਕੱਠਾ ਕਰਨ ਲਈ ‘ਕੌਮ ਦੇ ਰਾਖੇ’ ਨਾਂ ਦਾ ਗਰੁੱਪ ਬਣਾਇਆ ਸੀ ਅਤੇ ਇਸ ਗਰੁੱਪ ਰਾਹੀਂ ਸੋਸ਼ਲ ਮੀਡੀਆ ਜ਼ਰੀਏ ਉਹ ਯੂਕੇ ਅਤੇ ਹੋਰ ਦੇਸ਼ਾਂ ਵਿੱਚ ਰਹਿੰਦੇ ਵੱਖ-ਵੱਖ ਕੱਟੜਪੰਥੀ ਅਤੇ ਦਹਿਸ਼ਤਗਰਦ ਅਨਸਰਾਂ ਦੇ ਸੰਪਰਕ ਵਿੱਚ ਆਇਆ ਸੀ ਅਤੇ ਆਪਣੇ ਸਮਾਜਿਕ ਕੰਮ ਦੀ ਆੜ ਵਿੱਚ ਸਲੀਪਰ ਸੈੱਲ ਬਣਾਉਣ ਲਈ ਮਦਦ ਦੀ ਪੇਸ਼ਕਸ਼ ਕੀਤੀ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ ਰਣਜੀਤ ਨੇ ਅੱਗੇ ਖੁਲਾਸਾ ਕੀਤਾ ਕਿ ਹਾਲ ਹੀ ਵਿੱਚ ਉਸ ਨੂੰ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਮੁਹੱਈਆ ਕਰਵਾਈ ਗਈ ਸੀ ਅਤੇ ਉਹ ਸਰਹੱਦੀ ਸੂਬੇ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਅਤੇ ਅਮਨ-ਕਾਨੂੰਨ ਭੰਗ ਕਰਨ ਲਈ ਅੱਤਵਾਦੀ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ।

ਡੀਜੀਪੀ ਨੇ ਦੱਸਿਆ ਕਿ ਰਣਜੀਤ ਵੀ ਉਸ ਗਰੁੱਪ ਦਾ ਹਿੱਸਾ ਸੀ, ਜਿਸ ਨੇ 15 ਜਨਵਰੀ, 2020 ਨੂੰ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਜਾਂਦੀ ਵਿਰਾਸਤੀ ਸੜਕ ‘ਤੇ ਲੋਕ ਨਾਚਾਂ ਸਬੰਧੀ ਸਥਾਪਿਤ ਬੁੱਤਾਂ ਦੀ ਭੰਨਤੋੜ ਕੀਤੀ ਸੀ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਰਣਜੀਤ ਨੂੰ ਬੁੱਤਾਂ ਦੀ ਭੰਨ ਤੋੜ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਜ਼ਮਾਨਤ ‘ਤੇ ਹੈ। ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਕਿਹਾ ਕਿ ਯੂਕੇ ਆਧਾਰਤ ਉਸ ਵਿਅਕਤੀ ਅਤੇ ਉਸ ਦੇ ਹੋਰ ਭਾਰਤੀ ਸਾਥੀਆਂ ਦਾ ਪਤਾ ਲਗਾਉਣ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੇ ਖੇਪ ਦਾ ਪ੍ਰਬੰਧ ਕੀਤਾ ਸੀ।

ਇਸ ਦੌਰਾਨ, ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ ਸੋਧ ਐਕਟ ਦੀਆਂ ਧਾਰਾਵਾਂ 3, 4 ਅਤੇ 5 ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 120 ਅਤੇ 120-ਬੀ ਤਹਿਤ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਐਫਆਈਆਰ ਨੰਬਰ 24 ਮਿਤੀ 23.11.2021 ਨੂੰ ਦਰਜ ਕੀਤੀ ਗਈ ਹੈ।

About The Author

Leave a Reply

Your email address will not be published. Required fields are marked *

error: Content is protected !!