ਮਹਾਨ ਸਖਸ਼ੀਅਤਾਂ ਦੇ ਇਤਿਹਾਸਕ ਦਿਹਾੜੇ ਸਕੂਲਾਂ ਵਿੱਚ ਮਨਾ ਕੇ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਬਾਰੇ ਜਾਣੂੰ ਕਰਵਾਇਆ ਜਾਵੇ : ਪਰਗਟ ਸਿੰਘ

0

ਚੰਡੀਗੜ੍ਹ, 23 ਨਵੰਬਰ 2021 :  “ਸਾਡਾ ਇਤਿਹਾਸ ਲਾਸਾਨੀ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਹਨ ਜਿਨ੍ਹਾਂ ਵਿੱਚੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਨਾ ਦਾ ਸ੍ਰੋਤ ਹੈ। ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਉਨ੍ਹਾਂ ਵੱਲੋਂ ਦਰਸਾਏ ਹੋਏ ਮਾਰਗ ਉਤੇ ਚੱਲਣ ਦੀ ਲੋੜ ਹੈ।” ਇਹ ਗੱਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਚੰਡੀਗੜ੍ਹ ਵਿਖੇ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਸਹਿ-ਵਿੱਦਿਅਕ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਸੰਬੋਧਨ ਕਰਦਿਆਂ ਕਹੀ।

ਸ. ਪਰਗਟ ਸਿੰਘ ਨੇ ਸਿੱਖਿਆ ਵਿਭਾਗ ਸੱਦਾ ਦਿੱਤਾ ਕਿ ਮਹਾਨ ਸਖਸ਼ੀਅਤਾਂ ਨਾਲ ਸਬੰਧਤ ਇਤਿਹਾਸਕ ਇਤਿਹਾਸਕ ਦਿਹਾੜਿਆਂ ਮੌਕੇ ਸਕੂਲੀ ਬੱਚਿਆਂ ਨੂੰ ਇਨ੍ਹਾਂ ਮਹਾਨ ਸਖਸ਼ੀਅਤਾਂ ਦੇ ਜੀਵਨ ਬਾਰੇ ਜਾਣੂੰ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਤੋਂ ਜਾਣੂੰ ਹੋ ਸਕੇ। ਗੁਰੂ ਸਾਹਿਬਾਨ ਦੀ ਦੂਰਅੰਦੇਸ਼ੀ ਸੋਚ, ਇਨਸਾਨੀਅਤ ਦਾ ਸੰਦੇਸ਼, ਸਮਰਪਣ ਭਾਵਨਾ ਅਤੇ ਕੁਰਬਾਨੀ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਰਵਾਏ ਇਹ ਸਹਿ-ਵਿੱਦਿਅਕ ਮੁਕਾਬਲਿਆਂ ਦਾ ਮਨੋਰਥ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ, ਕੁਰਬਾਨੀ, ਸਿੱਖਿਆਵਾਂ ਤੇ ਉਦੇਸ਼ਾਂ ਨੂੰ ਘਰ-ਘਰ ਪਹੁੰਚਾਣਾ ਸੀ।

                   

ਸਿੱਖਿਆ ਮੰਤਰੀ ਨੇ ਆਪਣੇ ਜੀਵਨ ਵਿੱਚ ਆਪਣੇ ਅਧਿਆਪਕਾਂ ਵੱਲੋਂ ਮਿਲੀ ਸੇਧ ਨੂੰ ਚੇਤੇ ਕਰਦਿਆਂ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕਾਂ ਦਾ ਹੁੰਦਾ ਹੈ ਜੋ ਨਿਰਸਵਾਰਥ ਦੂਜਿਆਂ ਦਾ ਭਵਿੱਖ ਬਣਾਉਣ ਲਈ ਹਰ ਵੇਲੇ ਤਤਪਰ ਰਹਿੰਦਾ ਹੈ। ਉਨ੍ਹਾਂ ਕਿਹਾ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਛੁਪੀ ਹੋਈ ਪ੍ਰਤਿਭਾ ਹੁੰਦੀ ਹੈ, ਬੱਸ ਸਿਰਫ ਲੋੜ ਹੁੰਦੀ ਹੈ ਇਸ ਨੂੰ ਪਛਾਣ ਕੇ ਨਿਖਾਰਨ ਦੀ। ਇਹ ਕੰਮ ਅਧਿਆਪਕ ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੀ ਅਜੋਕੀ ਸਿੱਖਿਆ ਦਾ ਮੁੱਖ ਟੀਚਾ ਹੈ।

ਸ. ਪਰਗਟ ਸਿੰਘ ਨੇ ਸਮੂਹ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨ੍ਹਾਂ ਕੋਵਿਡ ਦੇ ਮਾੜੇ ਦੌਰ ਵਿੱਚ ਆਨਲਾਈਨ ਮੁਕਾਬਲੇ ਕਰਵਾ ਕੇ ਵੱਡੀ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਨਾਲ ਸਬੰਧਤ ਮਾਮਲਿਆਂ ਦੇ ਹੱਲ ਲਈ ਉਹ ਹਾਂ-ਪੱਖੀ ਰਵੱਈਏ ਨਾਲ ਕੰਮ ਕਰ ਰਹੇ ਹਨ ਅਤੇ ਜਿਹੜੀਆਂ ਵੀ ਵਾਜਬ ਮੰਗਾਂ ਦਾ ਹੱਲ ਹੋ ਸਕਦਾ ਹੈ, ਉਹ ਕੀਤਾ ਜਾ ਰਿਹ ਹੈ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਆਖਿਆ ਕਿ ਵਿਭਾਗ ਨਾਲ ਸਬੰਧਤ ਜਿਹੜੇ ਮਾਮਲਿਆਂ ਦਾ ਹੱਲ ਹੇਠਲੇ ਪੱਧਰ ਉਤੇ ਹੋ ਸਕਦਾ ਹੈ, ਉਨ੍ਹਾਂ ਨੂੰ ਉਹ ਆਪਣੇ ਪੱਧਰ ਉਤੇ ਕਰਨ।

                         

ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅੱਗਰਵਾਲ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਇਹ ਸਹਿ ਵਿਦਿਅਕ ਮੁਕਾਬਲੇ ਆਨਲਾਈਨ ਕਰਵਾਏ ਗਏ ਜਿਨ੍ਹਾਂ ਵਿੱਚ ਰਿਕਾਰਡ 2,85,973 ਵਿਦਿਆਰਥੀਆਂ ਨੇ 11 ਵੰਨਗੀਆਂ ‘ਚ ਹਿੱਸਾ ਲਿਆ। ਇਨ੍ਹਾਂ ਵਿਦਿਆਰਥੀਆਂ ਵਿਚਾਲੇ ਸ਼ਬਦ ਗਾਇਨ, ਗੀਤ ਗਾਇਨ, ਕਵਿਤਾ ਉਚਾਰਨ, ਭਾਸ਼ਣ ਮੁਕਾਬਲਾ, ਸਾਜ਼ ਵਾਦਨ, ਪੋਸਟਰ ਮੇਕਿੰਗ, ਪੇਟਿੰਗ, ਸਲੋਗਨ ਲਿਖਣ, ਸੁਲੇਖ, ਪੀਪੀਟੀ ਮੇਕਿੰਗ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ ਜੋ ਕਿ ਕਰੀਬ ਪੰਜ ਮਹੀਨੇ ਚੱਲੇ।

ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਸੁਖਜੀਤ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਰਾਜ ਪੱਧਰੀ ਸਮਾਗਮ ਦੌਰਾਨ ਹਰੇਕ ਵੰਨਗੀ ‘ਚੋਂ ਪਹਿਲਾ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਇੱਕ ਟੈਬਲੈੱਟ, 1100 ਰੁਪਏ ਨਕਦ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਤਸਵੀਰ ਭੇਂਟ ਕੀਤੀ ਗਈ। ਦੂਸਰਾ ਸਥਾਨ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਮੋਬਾਈਲ ਫੋਨ, 1100 ਰੁਪਏ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਤਸਵੀਰ ਪ੍ਰਦਾਨ ਕੀਤੀ ਗਈ। 1.4 ਲੱਖ ਰੁਪਏ ਦੀ ਨਕਦ ਰਾਸ਼ੀ ਸਣੇ ਕੁੱਲ 11.30 ਲੱਖ ਰੁਪਏ ਦੇ ਇਨਾਮ ਦਿੱਤੇ ਗਏ।

               

ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕਾ ਨੇ ਬੋਲਦਿਆਂ ਆਖਿਆ ਕਿ ਇਨ੍ਹਾਂ ਮੁਕਾਬਲਿਆਂ ‘ਚ ਸ਼ਾਮਲ ਵੱਖ-ਵੱਖ ਵੰਨਗੀਆਂ ਦੀਆਂ ਪੇਸ਼ਕਾਰੀਆਂ ਰਾਹੀਂ ਸਕੂਲੀ ਵਿਦਿਆਰਥੀਆਂ ਨੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਸਕੂਲੀ ਵਿਦਿਆਰਥੀਆਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵਿਭਾਗ ਦੀ ਮੀਡੀਆ ਟੀਮ ਨੇ ਇਨ੍ਹਾਂ ਮੁਕਾਬਲਿਆਂ ਦਾ ਵੱਖ-ਵੱਖ ਮੀਡੀਆ ਪਲੇਟਫਾਮਰਜ਼ ‘ਤੇ ਵਧੀਆ ਤਰੀਕੇ ਨਾਲ ਪ੍ਰਚਾਰ/ਪ੍ਰਸਾਰ ਕੀਤਾ।

ਸਵਾਗਤੀ ਸ਼ਬਦ ਬੋਲਦਿਆਂ ਡਾ.ਸੁਖਦਰਸ਼ਨ ਸਿੰਘ ਚਹਿਲ ਨੇ ਆਖਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਵੱਖਰੇ ਤੌਰ ‘ਤੇ ਕਰਵਾਏ ਗਏ ਜਿਨ੍ਹਾਂ ਵਿੱਚ 2929 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

ਮੰਚ ਸੰਚਾਲਨ ਕਰਦਿਆਂ ਅਮਰਦੀਪ ਸਿੰਘ ਬਾਠ ਨੇ ਦੱਸਿਆ ਕਿ ਰਾਜ ਪੱਧਰੀ ਮੁਕਾਬਲਿਆਂ ਤੋਂ ਪਹਿਲਾਂ ਜ਼ਿਲ੍ਹਾ ਪੱਧਰ ‘ਤੇ ਪਹਿਲੀਆਂ ਪੰਜ ਪੁਜ਼ੀਸ਼ਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000, 1500, 1000, 500-500 ਰੁਪਏ ਦੇ ਨਕਦ ਇਨਾਮ ਦਿੱਤੇ ਗਏ ਸਨ। ਇਹ ਰਾਸ਼ੀ ਕੁੱਲ 5.3 ਲੱਖ ਦੇ ਕਰੀਬ ਬਣਦੀ ਸੀ। ਸਹਿ ਵਿਦਿਅਕ ਮੁਕਾਬਲਿਆਂ ਉਤੇ ਸਮੁੱਚੇ ਰੂਪ ਵਿੱਚ 76.97 ਲੱਖ ਰੁਪਏ ਖਰਚੇ ਗਏ।

ਇਸ ਮੌਕੇ ਸਿੱਖਿਆ ਮੰਤਰੀ ਜੇਤੂ ਬੱਚਿਆਂ ਦੀ ਸੁੰਦਰ ਲਿਖਾਈ, ਪੇਂਟਿੰਗ ਦੀ ਲਗਾਈ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਿਤ ਹੋਏ। ਉਹ ਸਰਕਾਰੀ ਪ੍ਰਾਇਮਰੀ ਸਕੂਲ, ਕਾਲਬੰਜਾਰਾ (ਸੰਗਰੂਰ) ਦੇ ਹੋਣਹਾਰ ਵਿਦਿਆਰਥੀ ਜਸ਼ਨਦੀਪ ਸਿੰਘ ਨੂੰ ਵਿਸ਼ੇਸ਼ ਤੌਰ ਉਤੇ ਮਿਲੇ। ਜਸ਼ਨਦੀਪ ਦੇ ਭਾਵੇਂ ਹੱਥ ਨਹੀਂ ਹਨ ਪਰ ਇਸ ਬੱਚੇ ਨੇ ਆਪਣੇ ਪੈਰਾਂ ਨਾਲ ਅਨੂਠੀ ਪ੍ਰਤਿਭਾ ਦਾ ਪ੍ਰਗਟਾਵਾ ਕਰਦਿਆਂ ਸੁੰਦਰ ਲਿਖਾਈ ਤੇ ਪੇਂਟਿੰਗ ਵਿੱਚ ਇਨਾਮ ਜਿੱਤ ਕੇ ਬਾਕੀਆਂ ਲਈ ਮਿਸਾਲ ਪੈਦਾ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਦੇ ਜੇਤੂ ਵਿਦਿਆਰਥੀਆਂ ਨਵਨੀਤ ਕੌਰ ਤੇ ਨਿਸ਼ਾਨ ਸਿੰਘ ਵੱਲੋਂ ਕੀਤੇ ਸ਼ਬਦ ਗਾਇਨ ਨਾਲ ਹੋਈ। ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਜੋਸ਼ੀਲੀ ਕਵਿਤਾ ਸੁਣਾਈ।

ਇਸ ਮੌਕੇ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ, ਸਮੂਹ ਜ਼ਿਲ੍ਹਾ ਸਿੱਖਿਆ ਅਫਸਰ, ਜ਼ਿਲ੍ਹਾ ਨੋਡਲ ਅਫਸਰ, ਸਬੰਧਤ ਸਕੂਲੀ ਮੁਖੀ ਅਤੇ ਵਿਦਿਆਰਥੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed